ਵੀਹਵੀਂ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕਿਉਂ ਲੜਨਾ ਪਿਆ ਇਹ ਘਮਸਾਨ ਦਾ ਯੁੱਧ?
- Admin
- Jan 20, 2018
- 18 min read

ਵੀਹਵੀਂ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕਿਉਂ ਲੜਨਾ ਪਿਆ ਇਹ ਘਮਸਾਨ ਦਾ ਯੁੱਧ? ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਉਪਰ ਕੀਤਾ ਗਿਆ ਹਮਲਾ ਕੋਈ ਅਚਾਨਕ ਵਾਪਰੀ ਘਟਨਾ ਨਹੀਂ। ਬਲਕਿ ਯੋਜਨਾਬੰਦ ਢੰਗ ਨਾਲ ਸਮੁੱਚੀ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਕੌਮ ਉਪਰ ਕੀਤਾ ਗਿਆ ਮਾਰੂ ਹਮਲਾ ਸੀ। ਇਸ ਹਮਲੇ ਲਈ ਕੌਣ ਜਿੰਮੇਵਾਰ ਹੈ ਇਸ ਗੱਲ ਨੂੰ ਸਮਝਣ ਲਈ ਪਿਛੋਕੜ ਵਿੱਚ ਜਾਣ ਦੀ ਜ਼ਰੂਰਤ ਪਏਗੀ। ਯਾਦ ਰਹੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ 1977 ਵਿੱਚ ਉਸ ਸਮੇਂ ਦਮਦਮੀ ਟਕਸਾਲ ਦਾ ਮੁਖੀ ਥਾਪਿਆ ਗਿਆ, ਜਦੋਂ ਅਚਾਨਕ ਇਕ ਦੁਰਘਟਨਾ ਦੌਰਾਨ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਉਪਰੰਤ ਸੱਚਖੰਡ ਪਿਆਨਾ ਕਰ ਗਏ ਸਨ। ਇਥੇ ਇਹ ਵੀ ਵਰਣਨਯੋਗ ਹੈ ਕਿ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬਹੁਤ ਹੀ ਯੋਜਨਾਬੰਦ ਢੰਗ ਨਾਲ ਅਖੌਤੀ ਗੁਰੂ ਡੰਮ ਦਾ ਮੁਕਾਬਲਾ ਕਰ ਰਹੇ ਸਨ। ਸੁਭਾਵਿਕ ਸੀ ਕਿ ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਸੰਤ ਜਰਨੈਲ ਸਿੰਘ ਜੀ ਖਾਲਸਾ ਵੱਲੋਂ ਇਸ ਮਿਸ਼ਨ ਨੂੰ ਜਾਰੀ ਰੱਖਿਆ ਜਾਵੇ ਅਤੇ ਉਨ੍ਹਾਂ ਨੇ ਐਲਾਨਿਆਂ ਤੌਰ ’ਤੇ ਅਖੌਤੀ ਗੁਰੂ ਡੰਮ ਨੂੰ ਵੰਗਾਰਿਆ ਅਤੇ ਸਮੁੱਚੀ ਸਿੱਖ ਜਗਤ ਨੂੰ ‘ਸ਼ਬਦ ਗੁਰੂ’ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ। ਪਰ ਕੇਂਦਰ ਸਰਕਾਰ ਨੇ ਸਿੱਖ ਕੌਮ ਨੂੰ ‘ਸ਼ਬਦ ਗੁਰੂ’ ਨਾਲੋਂ ਤੋੜਨ ਲਈ ਅਖੌਤੀ ਡੰਮ ਗੁਰੂ ਨੂੰ ਸ਼ਕਤੀ ਦੇ ਕੇ ਪੰਜਾਬ ਦੀ ਧਰਤੀ ਵੱਲ ਤੋਰਿਆ ਅਤੇ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ। ਜਿਸ ਸਦਕਾ ਨਕਲੀ ਨਿਰੰਕਾਰੀਆਂ ਨੇ ਸਿੱਖੀ ਨੂੰ ਵੰਗਾਰਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਾਵਨ ਅਸਥਾਨ ਅਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਚੁਣਿਆ। ਜਿਸ ਤਹਿਤ ਸੰਨ 1978 ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਪੰਥ ਦੀਆਂ ਰਵਾਇਤਾਂ ਦੇ ਉਲਟ ਪੰਜ ਪਿਆਰਿਆਂ ਦੀ ਥਾਂ ’ਤੇ ਸੰਤ ਸਿਤਾਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ ’ਤੇ ਨਕਲੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਆਪ ਸਜਿਆ। ਇਸ ਢੰਗ ਦਾ ਅਖੌਤੀ ਨਗਰ ਕੀਰਤਨ ਅੰਮ੍ਰਿਤਸਰ ਦੀ ਧਰਤੀ ’ਤੇ ਅਰੰਭਿਆ ਗਿਆ। ਜਿਸ ਦਾ ਪਤਾ ਲੱਗਦਿਆਂ ਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਜੋ ਕਿ ਹਰ ਸਾਲ ਦੀ ਤਰ੍ਹਾਂ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੌਜੂਦ ਸਨ, ਕੁਝ ਸਿੰਘਾਂ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਅਖੌਤੀ ਪੰਥ ਵਿਰੋਧੀ ਅਡੰਬਰ ਨੂੰ ਰੋਕਣ ਲਈ ਉਪਰਾਲਾ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਪੰਜਾਬ ਸਰਕਾਰ ਦੇ ਮਾਲ ਮੰਤਰੀ ਸ. ਜੀਵਨ ਸਿੰਘ ਉਮਰਾਨੰਗਲ ਨੂੰ ਕਿਹਾ ਕਿ ਨਕਲੀ ਨਿਰੰਕਾਰੀਆਂ ਦਾ ਮਾਰਚ ਰੋਕਿਆ ਜਾਵੇ। ਜਿਸ ’ਤੇ ਉਸ ਨੇ ਆਪਣੀ ਅਸਮਰੱਥਾ ਜਾਹਿਰ ਕਰਦਿਆਂ ਕਿਹਾ ਕਿ ਇਸ ਨੂੰ ਕੇਵਲ ਮੁੱਖ ਮੰਤਰੀ ਪੰਜਾਬ ਹੀ ਰੋਕ ਸਕਦਾ ਹੈ, ਮੈਂ ਨਹੀਂ ਰੋਕ ਸਕਦਾ ਤਾਂ ਸੰਤਾਂ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਨੂੰ ਕਹੋ ਕਿ ਉਹ ਅਜਿਹਾ ਅਨਰਥ ਹੋਣ ਤੋਂ ਰੋਕਣ ਤਾਂ ਇਸ ਤੋਂ ਵੀ ਸ. ਉਮਰਾਨੰਗਲ ਨੇ ਪੱਲਾ ਝਾੜ ਦਿੱਤਾ ਤਾਂ ਸੰਤਾਂ ਨੇ ਕਿਹਾ ਕਿ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਦਾ ਜੋ ਵੀ ਨਤੀਜਾ ਨਿਕਲੇਗਾ ਇਸ ਲਈ ਤੁਸੀਂ ਅਤੇ ਤੁਹਾਡੀ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਉਪਰੰਤ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜੱਥੇ ਦੇ ਸਿੰਘਾਂ ਨੇ ਸ਼ਾਂਤਮਈ ਢੰਗ ਨਾਲ ਨਕਲੀ ਨਿਰੰਕਾਰੀਆਂ ਦਾ ਮਾਰਚ ਰੋਕਣ ਲਈ ਗੁਰਮੱਤਾ ਕੀਤਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਅਗਵਾਈ ਵਿੱਚ ਸ਼ਾਂਤਮਈ ਢੰਗ ਨਾਲ ਸਿੰਘਾਂ ਦਾ ਜੱਥਾ ਜਾਏਗਾ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕੇਗਾ ਪਰ ਮੌਕੇ ’ਤੇ ਇਕੱਤਰ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਦੇ ਜੱਥੇ ਦੇ ਸਿੰਘਾਂ ਨੇ ਸੰਤਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਕਿ ਤੁਸੀਂ ਖੁਦ ਇਸ ਜੱਥੇ ਵਿੱਚ ਸ਼ਾਮਲ ਨਾ ਹੋਵੋ ਕਿਉਂਕਿ ਤੁਸੀਂ ਇਥੇ ਰਹਿ ਕੇ ਸਾਡੀ ਅਗਵਾਈ ਕਰ ਸਕਦੇ ਹੋ। ਇਸ ਤਰ੍ਹਾਂ ਦਮਦਮੀ ਟਕਸਾਲ ਦੇ ਸਿੰਘ ਭਾਈ ਰਣਬੀਰ ਸਿੰਘ ਫੌਜੀ ਅਤੇ ਅਖੰਡ ਕੀਰਤਨੀ ਜੱਥੇ ਦੇ ਸਿੰਘ ਭਾਈ ਫੌਜਾ ਸਿੰਘ ਇਨ੍ਹਾਂ ਦੋਵਾਂ ਸਿੰਘਾਂ ਦੀ ਅਗਵਾਈ ਵਿੱਚ 25 ਕੁ ਸਿੰਘਾਂ ਦਾ ਜੱਥਾ ਮੰਜੀ ਸਾਹਿਬ ਤੋਂ ਤੁਰ ਕੇ ਰੇਲਵੇ ਕਲੋਨੀ ਵੱਲ ਚਲਿਆ। ਜਿੱਥੇ ਉਨ੍ਹਾਂ ਦਾ ਅਖੌਤੀ ਸਮਾਗਮ ਚੱਲਦਾ ਸੀ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇਸ ਜੱਥੇ ਨਾਲ ਕੁਝ ਸਿੰਘ ਹੋਰ ਰਲਦੇ ਗਏ। ਇਸ ਲਈ ਇਨ੍ਹਾਂ ਦੀ ਗਿਣਤੀ 100 ਤੋਂ ਟੱਪ ਗਈ। ਯਾਦ ਰਹੇ ਕਿ ਇਨ੍ਹਾਂ ਸਿੰਘਾਂ ਕੋਈ ਕੁਝ ਮਾਰੂ ਹਥਿਆਰ (ਬੰਦੂਕ, ਰਾਇਫਲ, ਰਿਵਾਲਵਰ) ਆਦਿ ਨਹੀਂ ਸੀ। ਜਿਉਂ ਹੀ ਇਹ ਜੱਥਾ ਉਸ ਪੰਡਾਲ ਦੇ ਨੇੜੇ ਪਹੁੰਚਿਆ ਜਿਥੋਂ ਇਹ ਸੱਤ ਸਿਤਾਰਿਆਂ ਦੀ ਅਗਵਾਈ ਵਿੱਚ ਮਾਰਚ ਅਰੰਭਿਆ ਜਾ ਰਿਹਾ ਸੀ ਤਾਂ ਸਿੰਘਾਂ ਨੂੰ ਵੇਖਦਿਆਂ ਸਾਰ ਹੀ ਪਹਿਲਾਂ ਹੀ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲੇਆਮ ਕੀਤਾ ਗਿਆ। ਜਿਸ ਦੇ ਫਲਸਰੂਪ 13 ਸਿੰਘ ਮੌਕੇ ’ਤੇ ਹੀ ਸ਼ਹੀਦ ਹੋ ਗਏ ਅਤੇ 80 ਦੇ ਕਰੀਬ ਜ਼ਖਮੀ ਹੋ ਗਏ। 13 ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ, ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਪੰਜਾਬ ਦੀ ਅਕਾਲੀ ਸਰਕਾਰ ਨੂੰ ਕਿਹਾ ਕਿ 13 ਸਿੰਘਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਨ੍ਹਾਂ ਉਪਰ ਕਤਲ ਦਾ ਮੁਕੱਦਮਾ ਦਰਜ ਕਰਕੇ ਇਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ ਅਤੇ ਖਾਲਸਾ ਪੰਥ ਨੂੰ ਇਨਸਾਫ਼ ਦਿੱਤਾ ਜਾਵੇ। ਪਰ ਬਹੁਤ ਹੀ ਯੋਜਨਾਬੰਦ ਢੰਗ ਨਾਲ ਪੰਜਾਬ ਸਰਕਾਰ ਨੇ ਨਕਲੀ ਨਿਰੰਕਾਰੀ ਗੁਰਬਚਨ ਸਿੰਘ ਨੂੰ ਸੁਰੱਖਿਅਤ ਪੰਜਾਬ ਵਿਚੋਂ ਬਾਹਰ ਕੱਢ ਕੇ ਦਿੱਲੀ ਪਹੁੰਚਾਇਆ। ਉਸ ਦੀ ਥਾਂ ’ਤੇ ਕੁਝ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਜਲਦੀ ਹੀ ਜਮਾਨਤ ’ਤੇ ਛੱਡ ਦਿੱਤਾ ਗਿਆ ਅਤੇ ਇਹ ਕੇਸ ਅੰਮ੍ਰਿਤਸਰ ਤੋਂ ਬਦਲ ਕੇ ਹਰਿਆਣਾ ਦੇ ਕਰਨਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਜਿਥੇ ਸੈਸ਼ਨ ਜੱਜ ਆਰ.ਐਸ. ਗੁਪਤਾ ਨੇ 4 ਜਨਵਰੀ 1980 ਨੂੰ ਸਾਰੇ ਦੇ ਸਾਰੇ ਨਕਲੀ ਨਿਰੰਕਾਰੀਆਂ ਦੇ ਨੁਮਾਇੰਦੇ ਬਾਇਜ਼ਤ ਬਰੀ ਕਰ ਦਿੱਤੇ ਗਏ। ਇਹ ਭਾਰਤ ਦੀ ਨਿਆਂ ਪ੍ਰਣਾਲੀ ਦਾ ਸਿੱਖਾਂ ਪ੍ਰਤੀ ਇਨਸਾਫ ਦਾ ਨਮੂਨਾ ਹੈ। ਇਸ ਤੋਂ ਬਾਅਦ ਅਨੇਕਾਂ ਬਾਰ ਸੰਤਾਂ ਨੇ ਪ੍ਰੈਸ ਰਾਹੀਂ ਸਵਾਲ ਪੁੱਛੇ ਕਿ ਪ੍ਰਕਾਰ 13 ਸਿੰਘਾਂ ਨੂੰ ਸ਼ਹੀਦ ਕਿੰਨੇ ਕੀਤਾ , ਉਨ੍ਹਾਂ ਲਈ ਕੋਈ ਜ਼ਿੰਮੇਵਾਰ ਨਹੀਂ ਪਰ ਇਸ ਘਟਨਾ ਦਾ ਭਾਰਤ ਦੇ ਹੁਕਮਰਾਨਾਂ ਉਪਰ ਕੋਈ ਅਸਰ ਨਾ ਹੋਇਆ। (ਅਸੀਂ ਇੱਥੇ ਨਮੂਨੇ ਮਾਤਰ ਹੀ ਦੱਸਣਾ ਚਾਹੁੰਦੇ ਹਾਂ ਕਿ ਧਾਰਮਿਕ ਵਿਅਕਤੀ ਨੂੰ ਯੁੱਧ ਲੜਨ ਦੀ ਨੌਬਤ ਕਿਉਂ ਆਈ) ਕਾਤਲਾਂ ਤੋਂ ਬਦਲਾ ਲੈਣ ਦੀ ਜਵਾਲਾ ਭੜਕ ਉੱਠੀ ਤਾਂ ਭਾਈ ਰਣਜੀਤ ਸਿੰਘ (ਜੋ ਬਾਅਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਣੇ ਅਤੇ ਭਾਈ ਕਾਬਲ ਸਿੰਘ, ਦਲਬੀਰ ਸਿੰਘ ਆਦਿ ਸਿੰਘਾਂ ਦੇ ਜੱਥੇ ਨੇ 13 ਸਿੰਘਾਂ ਦੇ ਕਤਲ ਲਈ ਮੁੱਖ ਦੋਸ਼ੀ ਗੁਰਬਚਨ ਸਿੰਘ ਨਕਲੀ ਨਿਰੰਕਾਰੀ ਨੂੰ ਮਿਤੀ 24-04-80 ਨੂੰ ਦਿੱਲੀ ਵਿਖੇ ਨਿਰੰਕਾਰੀ ਭਵਨ ਵਿੱਚ ਹੀ ਕਤਲ ਕਰ ਦਿੱਤਾ ਗਿਆ। ਸਿੰਘਾਂ ਦੇ ਇਸ ਕਾਰਨਾਮੇ ਨੇ ਦੇਹਧਾਰੀ ਦੰਬ ਦਾ ਭਾਂਡਾ ਫੋੜ ਸੁੱਟਿਆ ਅਤੇ ਸਿੱਖ ਕੌਮ ਦੀ ਅਣਖ ਨੂੰ ਕਾਇਮ ਰੱਖਦਿਆਂ ਸਿੱਖੀਂ ਰਵਾਇਤਾਂ ਦੁਆਰਾ ਸ਼ਹੀਦਾਂ ਦੇ ਖੂਨ ਦਾ ਬਦਲਾ ਲੈਣ ਦੀ ਸਿੱਖੀ ਪ੍ਰਪੰਰਾ ਨੂੰ ਮੁੜ ਸੁਰਜੀਤ ਕਰ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਨੇ ਇਹ ਕੰਮ ਕਰਨ ਵਾਲਿਆ ਨੂੰ ਕੌਮੀ ਯੌਧੇ ਐਲਾਨ ਕੇ ਉਨ੍ਹਾਂ ਦੀ ਪ੍ਰਸੰਸਾ ਕੀਤੀ ਅਤੇ ਸਮਾਂ ਆਉਣ ’ਤੇ ਸੋਨੇ ਨਾਲ ਤੋਲਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਦਾ ਵੱਧ ਰਿਹਾ ਪ੍ਰਭਾਵ ਦੇਖਦਿਆਂ ਜ¦ਧਰ ਦੀ ਮਹਾਸ਼ਾ ਪ੍ਰੈੱਸ ਨੇ ਸੰਤ ਜਰਨੈਲ ਸਿੰਘ ਜੀ ਨੂੰ ਵੱਖਵਾਦੀ ਹੋਣਾ, ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ, ਨਿਰੰਕਾਰੀਆਂ ਨੂੰ ਕਤਲ ਕਰਨਾ, ਫਿਰਕੂ ਭਾਵਨਾਵਾਂ ਭੜਕਾਉਣੀਆਂ ਆਦਿ ਦੋਸ਼ ਲਾ ਕੇ ਨਿੰਦਣਾ ਸ਼ੁਰੂ ਕਰ ਦਿੱਤਾ । ਇੱਥੋਂ ਤੱਕ ਇਸ ਪ੍ਰੈੱਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਲੋਹਾ ਅਤੇ ਪ੍ਰਧਾਨ ਗੁਰ. ਪ੍ਰਬੰਧਕ ਕਮੇਟੀ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਲਈੰ ਗੱਦਾਰ ਸ਼ਬਦ ਵਰਤਿਆ, ਇਸ ਤੋਂ ਵੀ ਅੱਗੇ ਤਿਲਕ ਜੰਝੂ ਦੀ ਰਾਖੀ ਲਈ ਸ਼ਹਾਦਤ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਕਹਿਣਾ ਕਿ ਇਨ੍ਹਾਂ ਦਾ ਔਰੰਗਜੇਬ ਨਾਲ ਆਪਸੀ ਝਗੜਾ ਸੀ। ਇਸ ਲਈ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਨੂੰ ਮੌਤ ਦੀ ਸਜ਼ਾ ਦਿੱਤੀ ਸੀ ਅਤੇ ਇਸ ਪ੍ਰੈੱਸ ਨੇ ਨਕਲੀ ਨਿਰੰਕਾਰੀਆਂ ਦੀ ਅਵਤਾਰ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਣਤਾ ਦੇਣ ਦੀਆਂ ਲਿਖਤਾਂ ਲਿਖੀਆਂ ਜਿਸ ਕਾਰਨ ਸੰਤ ਜਰਨੈਲ ਸਿੰਘ ਖ਼ਾਲਸਾ ਨੇ ਇਸ ਪ੍ਰੈੱਸ ਸਮੂਹ ਦੇ ਮਾਲਕ ਲਾਲ ਜਗਤ ਨਰਾਇਣ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਅਜਿਹੀਆਂ ਘਿਨਾਉਣੀਆਂ ਲਿਖਤਾਂ ਅਤੇ ਸ਼ਾਜਿਸ਼ੀ ਹਰਕਤਾਂ ਤੋਂ ਬਾਜ਼ ਆਉਣ ਨਹੀਂ ਤਾਂ ਇਸ ਦਾ ਨਤੀਜਾ ਠੀਕ ਨਹੀਂ ਹੋਵੇਗਾ ਪਰ ਉਹ ਲਗਾਤਾਰ ਜ਼ਹਿਰੀਲਾ ਪ੍ਰਚਾਰ ਸਿੱਖੀ ਵਿਰੁੱਧ ਕਰਦਾ ਰਿਹਾ। ਆਖੀਰ ਇਸ ਦੀਆਂ ਅਜਿਹੀਆਂ ਸਿੱਖ ਮਾਰੂ ਨੀਤੀਆਂ, ਫਿਰਕਾਪ੍ਰਸਤ ਕਾਰਵਾਈਆਂ ਕਾਰਨ ਸਿੱਖ ਨੌਜਵਾਨਾਂ ਦੇ ਦਿਲਾਂ ਅੰਦਰ ਇਸਨੂੰ ਹੋਰ ਬਰਦਾਸ਼ਤ ਕਰਨ ਦੀ ਸੀਮਾ ਨਾ ਰਹੀ ਜਿਸ ਕਾਰਨ ਮਿਤੀ 9-9-1981 ਨੂੰ ਲੁਧਿਆਣਾ ਨੇੜੇ ਕਾਰ ਵਿੱਚ ਆਉਂਦ ਨੂੰੇ ਭਾਈ ਦਲਬੀਰ ਸਿੰਘ, ਭਾਈ ਸਵਰਨ ਸਿੰਘ ਅਤੇ ਭਾਈ ਨਛੱਤਰ ਸਿੰਘ ਨੇ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ। ਕਿਉਂਕਿ ਸੰਤ ਜਰਨੈਲ ਸਿੰਘ 1978 ਤੋਂ ਹੀ ਇਸ ਦੀਆਂ ਲਿਖਤਾਂ ਦਾ ਨੋਟਿਸ ਲੈਂਦੇ ਆ ਰਹੇ ਸਨ ਅਤੇ ਇਸ ਨੂੰ ਕਈ ਵਾਰ ਚੇਤਾਵਨੀ ਦੇ ਚੁੱਕੇ ਸਨ। ਇਸ ਲਈ ਪੰਜਾਬ ਸਰਕਾਰ ਨੇ ਇਸ ਕਤਲ ਦੀ ਸਾਜਿਸ਼ ਦਾ ਦੋਸ਼ ਸੰਤ ਜਰਨੈਲ ਸਿੰਘ ’ਤੇ ਲਾਇਆ ਅਤੇ ਸੰਤ ਜਰਨੈਲ ਸਿੰਘ ’ਤੇ ਇਸ ਕਤਲ ਦੀ ਸਾਜਿਸ਼ ਦਾ ਦੋਸ਼ ਲਾਇਆ। 12/9/1981 ਨੂੰ ਸੰਤ ਜਰਨੈਲ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ। ਉਸ ਸਮੇਂ ਸੰਤ ਜੀ ਹਰਿਆਣਾ ਦੇ ਪਿੰਡ ਚੰਦੋ ਕਲਾਂ ਵਿਖੇ ਧਾਰਮਿਕ ਸਮਾਗਮ ਵਿੱਚ ਸਨ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ, ਤਾਂ ਉਹ ਉਥੋਂ ਚੱਲ ਕੇ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌੋਂਕ ਮਹਿਤਾ ਵਿਖੇ ਪਹੁੰਚ ਗਏੇ, ਪਰ ਪੁਲਿਸ ਨੇ ਪਟਿਆਲਾ ਰੇਂਜ ਦੇ ਡੀ. ਆਈ. ਜੀ. ਡੀ. ਐਸ. ਮਾਂਗਟ ਦੀ ਅਗਵਾਈ ਹੇਠ ਚੰਦੋ ਕਲਾਂ ਪਿੰਡ ਨੂੰ ਘੇਰਾ ਪਾ ਲਿਆ ਇਸ ਪੁਲਿਸ ਪਾਰਟੀ ਵਿੱਚ ਨਰਕਧਾਰੀ ਪੱਖੀ ਪੁਲਿਸ ਅਫ਼ਸਰ ਡੀ. ਆਰ. ਭੱਟੀ ਅਤੇ ਡੀ. ਐਸ. ਪੀ ਮਨੋਹਰ ਸਿੰਘ ਸਮੇਤ ਛੇ ਪੁਲਿਸ ਕਪਤਾਨ 12 ਉਪ ਪੁਲਿਸ ਕਪਤਾਨ ਅਤੇ 500 ਪੁਲਿਸ ਜਵਾਨ ਸ਼ਾਮਲ ਸਨ। ਪੁਲਿਸ ਨੇ ਦਹਿਸ਼ਤ ਪਾਉਣ ਲਈ ਬਿਨ੍ਹਾਂ ਕਿਸੇ ਚੇਤਾਵਨੀ ਦਿੱਤਿਆਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਉਪਰੰਤ ਸਪੀਕਰ ਰਾਹੀਂ ਅਨਾਊਸਮੈਂਟ ਕੀਤੀ ਕਿ ਜੇ ਸੰਤ ਜਰਨੈਲ ਸਿੰਘ ਨੂੰ ਸਾਡੇ ਹਵਾਲੇ ਨਾ ਕੀਤਾ ਤਾਂ ਸਾਰਾ ਪਿੰਡ ਤਬਾਹ ਕਰ ਦਿਆਂਗੇ। ਪਿੰਡ ਦੇ ਮੋਹਤਬਾਰ ਬੰਦਿਆਂ ਨੇ ਗੁਰਦੁਆਰਾ ਦੇ ਸਪੀਕਰ ਰਾਹੀਂ ਦੱਸਿਆ ਕਿ ਸੰਤ ਜਰਨੈਲ ਸਿੰਘ ਇੱਥੇ ਮੌਜੂਦ ਨਹੀਂ ਹਨ, ਪਰ ਪੁਲਿਸ ਨੇ ਘਰ ਘਰ ਦੀ ਤਲਾਸ਼ੀ ਦੇ ਬਹਾਨੇ ਪਿੰਡ ਦੇ ਲੋਕਾਂ ਤੋਂ ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਲੁੱਟ ਲਈ ਟਕਸਾਲ ਦੀਆਂ ਦੋ ਬੱਸਾਂ ਨੂੰ ਅੱਗ ਲਾ ਦਿੱਤੀ ਜਿਸ ਵਿੱਚ ਗੁਰਬਾਣੀਆਂ ਦੀਆਂ ਸੈਂਚੀਆਂ ਸਮੇਤ ਟਕਸਾਲ ਦਾ ਕੀਮਤੀ ਸਾਹਿਤ ਸਾੜ ਦਿੱਤਾ ਗਿਆ। ਸੰਤ ਜਰਨੈਲ ਸਿੰਘ ਨੂੰ ਮਹਿਤੇ ਵਿਖੇ 16/9/1981 ਨੂੰ ਲਾਲਾ ਕਤਲ ਕੇਸ ਵਾਲੇ ਵਾਰੰਟ ਦਿੱਤੇ ਗਏ। ਸੰਤਾਂ ਨੇ ਵਾਰੰਟ ਲੈ ਕੇ ਉਸੇ ਵੇਲੇ ਹੀ ਐਲਾਨ ਕਰ ਦਿੱਤਾ ਕਿ ਮੈਂ 20 ਸਤੰਬਰ ਨੂੰ ਗ੍ਰਿਫ਼ਤਾਰੀ ਦੇਵਾਂਗਾ। ਸੰਤਾਂ ਦਾ ਇਹ ਐਲਾਨ ਸੁਣ ਕੇ ਸਿੱਖ ਆਗੂਆਂ ਸਮੇਤ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਮਹਿਤੇ ਪਹੁੰਚ ਗਈਆਂ। ਸੰਤ ਜਰਨੈਲ ਸਿੰਘ ਜੀ ਨੇ ਸੰਗਤਾਂ ਨੂੰ ਸ਼ਾਂਤ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਮੈਂੇ ਲਾੜੀ ਮੌਤ ਵਿਆਹੁਣ ਲਈ ਕੇਸਰੀ ਦਸਤਾਰਾ ਸਜਾਇਆ ਹੈ। ਜੇਕਰ ਹਿੰਦ ਸਰਕਾਰ ਮੌਤ ਨਾਲ ਮੇਰੀਆਂ ਲਾਵਾਂ ਪੜ੍ਹਨ ਦਾ ਪ੍ਰਬੰਧ ਕਰ ਸਕਦੀ ਹੈ ਤਾਂ ਕਰ ਲਵੇ ਅਤੇ ਸੰਗਤਾਂ ਵਿੱਚੋਂ ਕੋਈ ਵੀ ਵਿਅਕਤੀ ਭੜਕਾਹਟ ਵਿੱਚ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਸੰਗਤਾਂ ਵੱਲੋਂ ਅਗਰ ਇੱਕ ਵੀ ਪੱਥਰ ਪੁਲਿਸ ਵੱਲ ਮਾਰਿਆ ਗਿਆ ਤਾਂ ਅਜਿਹਾ ਕਰਨ ਵਾਲਾ ਵਿਅਕਤੀ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੋਵੇਗਾ। (ਸੰਤਾਂ ਵੱਲੋਂ ਸੰਗਤਾਂ ਨੂੰ ਸ਼ਾਂਤ ਰਹਿਣ ਲਈ ਹਰ ਦਰਜੇ ਦੀ ਅਪੀਲ ਸੀ)। ਲਗਭਗ ਢਾਈ ਵਜੇ ਗੁਰਦੁਆਰੇ ਤੋਂ ਬਾਹਰ ਆ ਕੇ ਗ੍ਰਿਫ਼ਤਾਰੀ ਦੇ ਦਿੱਤੀ। ਪੁਲਿਸ ਸੰਤਾਂ ਨੂੰ ਲੈ ਕੇ ਮਹਿਤੇ ਤੋਂ ਰਈਏ ਵਾਲੇ ਪਾਸੇ ਚਲੇ ਗਈ। ਬਾਅਦ ਵਿੱਚ ਸੰਗਤਾਂ ਵਿੱਚ ਭਾਰੀ ਜੋਸ਼ ਤੇ ਗੁੱਸਾ ਸੀ। ਸੰਗਤਾਂ ਨੇ ਸੰਤਾ ਦੇ ਹੱਕ ਵਿੱਚ ਆਕਾਸ਼ ਗੂੰਜਾਂਓ ਨਾਅਰੇ ਲਾਏ, ਜਿਸ ਨੂੰ ਮੌਕੇ ਦੀ ਹਕੂਮਤ ਨੇ ਬਰਦਾਸ਼ਤ ਨਾ ਕੀਤਾ ਅਤੇ ਬਿਨ੍ਹਾਂ ਕਾਰਨ ਇੱਕਠ ਤੇ ੇ ਗੋਲੀਆਂ ਚਲਾ ਕੇ ਦਰਜਨਾਂ ਸਿੰਘ ਸ਼ਹੀਦ ਅਤੇ ਸੈਂਕੜੇ ਫੱਟੜ ਕਰ ਦਿੱਤੇ। ਸੰਤ ਜਰਨੈਲ ਸਿੰਘ ਜੀ ਨੂੰ ਅਗਲੇ ਦਿਨ 21/9/1981 ਵਸੀਆਂ ਰੈਸਟ ਹਾਊਸ ਵਿੱਚ ਸਪੈਸ਼ਲ ਲਗਾਈ ਗਈ ਅਦਾਲਤ ਵਿੱਚ ਪੇਸ ਕੀਤਾ, ਜਿੱਥੇ ਅਦਾਲਤ ਨੇ 4 ਦਿਨ ਪੁਲਿਸ ਰਿਮਾਂਡ ਦੇ ਦਿੱਤਾ ਅਤੇ ਦੋ ਦਿਨ ਫਿਰ ਵਧਾ ਕੇ 26/9/81 ਤੱਕ ਕਰ ਦਿੱਤਾ। ਪੁਲਿਸ ਰਿਮਾਂਡ ਵਿੱਚ ਸੰਤਾਂ ਤੋਂ ਲਾਲਾ ਕਤਲ ਕਾਂਡ ਨਾਲ ਸੰਬਧਿਤ ਕਰੀਬ ਸਾਢੇ ਚਾਰ ਸੌ ਸਵਾਲ ਪੁੱਛੇ ਗਏ। ਜਿਨ੍ਹਾਂ ਦਾ ਉਨ੍ਹਾਂ ਨੇ ਬਾਖੂਬੀ ਜਵਾਬ ਦਿੱਤਾ। ਪੁਲਿਸ ਇਸ ¦ਬੀ ਪੁੱਛਗਿਛ ਦੌਰਾਨ ਵੀ ਸੰਤ ਜਰਨੈਲ ਸਿੰਘ ਦਾ ਲਾਲਾ ਕਤਲ ਕਾਂਡ ਨਾਲ ਸੰਬੰਧ ਜੋੜਨ ਵਿੱਚ ਅਸਫ਼ਲ ਰਹੀ। ਉੱਧਰ ਮਹਿਤੇ ਵਿਖੇ ਸ਼ਹੀਦ ਹੋਏ ਸਿੰਘਾਂ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਸ ਨੇ ਭਾਰੀ ਰੋਹ ਪੈਦਾ ਕਰ ਦਿੱਤਾ। ਇਸ ਦੌਰਾਨ ਸੰਤਾਂ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਇਸੇ ਦੌਰਾਨ ਦਲ ਖ਼ਾਲਸਾ ਦੇ ਕੁਝ ਨੌਜਵਾਨਾਂ ਨੇ ਭਾਈ ਗਜਿੰਦਰ ਸਿੰਘ ਦੀ ਅਗਵਾਈ ਹੇਠ 29/9/81 ਨੂੰ ਭਾਰਤੀ ਹਵਾਈ ਜਹਾਜ਼ ਅਗਵਾਹ ਕਰ ਲਿਆ ਅਤੇ ਉਸ ਨੂੰ ਲਾਹੌਰ ਲੈ ਗਏ। ਇਸ ਕਾਰਵਾਈ ਨਾਲ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਦਾ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਚਾਰ ਹੋਇਆ ਅਤੇ ਹਾਈਜੈਕਰਾਂ ਨੇ ਸੰਤ ਜਰਨੈਲ ਸਿੰਘ ਦੀ ਬਿਨ੍ਹਾਂ ਸ਼ਰਤ ਰਿਹਾਈ ਦੀ ਸ਼ਰਤ ਰੱਖੀ। (ਲੰਬਾ ਸਮਾਂ ਬੀਤ ਜਾਣ ਬਾਅਦ ਵੀ ਭਾਈ ਗਜਿੰਦਰ ਸਿੰਘ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।) ਉਧਰ ਫਿਰੋਜ਼ਪੁਰ ਜੇਲ੍ਹ ਦੇ ਬਾਹਰ ਸਿੱਖ ਸੰਗਤਾਂ ਦਾ ਇੱਕਠ ਵਧਣ ਲੱਗਾ, ਦਿਨ ਪ੍ਰਤੀ ਦਿਨ ਜੇਲ੍ਹ ਅੱਗੇ ਮੇਲੇ ਵਾਂਗ ਇਕੱਠ ਹੋਣਾ ਸ਼ੁਰੂ ਹੋਇਆ। ਦੂਰੋ-ਦੁਰਾਡਿਆਂ ਤੋਂ ਸੰਗਤਾਂ ਆਉਂਦੀਆਂ ਅਤੇ ਭਰੇ ਦੀਵਾਨ ਵਿੱਚ ਸੰਤਾਂ ਦੇ ਹਰ ਹੁਕਮ ਦੀ ਉਡੀਕ ਕਰਦੀਆਂ ਅਤੇ ਫਿਰੋਜ਼ਪੁਰ ਜੇਲ੍ਹ ਦੇ ਸਾਹਮਣਿਓ ਸਿੱਖ ਸੰਗਤਾਂ ਦੇ ਆਕਾਸ਼ ਗੂੰਜਾਓ ਨਾਅਰਿਆਂ ਨੇ ਕੇਂਦਰ ਸਰਕਾਰ ਨੂੰ ਭਵਿੱਖ ਦੇ ਨਤੀਜਿਆਂ ਦਾ ਅਹਿਸਾਸ ਕਰਵਾ ਦਿੱਤਾ। ਆਖੀਰ ਇਸ ਪੈਦਾ ਹੋਈ ਸਥਿਤੀ ਨੂੰ ਮੁੱਖ ਰੱਖਦਿਆਂ ਮਜ਼ਬੂਰੀ ਵੱਸ ਸਰਕਾਰ ਨੂੰ ਸੰਤਾਂ ਦੀ ਰਿਹਾਈ ਦਾ ਫੈਸਲਾ ਲੈਣਾ ਪਿਆ। ਜਿਸ ਕਰਕੇ ਮੈਜਿਸਟਰੇਟ ਸ੍ਰੀ ਜੇ. ਕੇ ਰਾਏ ਨੇ ਫਿਰੋਜ਼ਪੁਰ ਜੇਲ੍ਹ ਵਿੱਚ ਜਾ ਕੇ ਆਰਡਰ ਕੀਤਾ ਕਿ ਪੁਲਿਸ ਨੂੰ ਲਾਲਾ ਜਗਤ ਨਰਾਇਣ ਕੇਸ ਵਿੱਚ ਸੰਤ ਜਰਨੈਲ ਸਿੰਘ ਦੀ ਲੋੜ ਨਹੀਂ ਇਸ ਤਰ੍ਹਾਂ ਇਨ੍ਹਾਂ ਨੂੰ ਰਿਹਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸੰਤ ਜੀ ਜੇਲ੍ਹ ਵਿੱਚੋਂ ਰਿਹਾਅ ਹੋਏ। ਰਿਹਾਈ ਤੋਂ ਬਾਅਦ ਸੰਤਾਂ ਨੇ ਸਿੱਖ ਹਾਈਜੈਕਰਾਂ ਸਮੇਤ ਹੋਰ ਸਭ ਸਿੱਖ ਸੰਗਤਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਡਟਵਾਂ ਵਿਰੋਧ ਕੀਤਾ ਸੀ। ਪਹਿਲਾਂ ਗ੍ਰਿ²ਫ਼ਤਾਰੀ ਅਤੇ ਫਿਰ ਰਿਹਾਈ ਨੇ ਸਿੱਖ ਸੰਗਤਾਂ ਵਿੱਚ ਸੰਤਾਂ ਲਈ ਨਿੱਘਾ ਪਿਆਰ ਪੈਦਾ ਕਰ ਦਿੱਤਾ। ਉਹ ਇੱਕ ਵਾਰੀ ਫਿਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਪ੍ਰਚਾਰ ਵਹੀਰ ’ਤੇ ਨਿਕਲ ਤੁਰੇ ਉਨ੍ਹਾਂ ਨੇ ਆਪਣੇ ਜੋਸ਼ੀਲੇ ਪ੍ਰਚਾਰ ਨਾਲ ਸਿੱਖ ਕੌਮ ਵਿੱਚ ਜੋਸ਼, ਹੌਸਲਾ, ਦ੍ਰਿੜ੍ਹਤਾਂ ਪੈਦਾ ਕੀਤੀ ਅਤੇ ਸਿੱਖੀ ਵਿਰਸੇ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਚੋਣਵੇਂ ਸ਼ਹਿਰਾਂ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਵੀ ਕੀਤਾ ਅਤੇ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ। ਇਨ੍ਹਾਂ ਹਾਲਾਤਾਂ ਤੋਂ ਸਰਕਾਰੀ ਤੰਤਰ ਵੀ ਚੁੱਪ ਕਰਕੇ ਨਹੀਂ ਸੀ ਬੈਠਾ ਇਹ ਚਾਹੁੰਦੇ ਸਨ ਕਿ ਕਿਸੇ ਸੌਖਾਵੇਂ ਹਾਲਾਤ ਵਿੱਚ ਸੰਤ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਨਘੜ੍ਹਤ ਕੇਸਾਂ ਵਿੱਚ ਫਸਾ ਦਿੱਤਾ ਜਾਵੇ। ਇਸ ਦੌਰਾਨ ਸੰਤ ਜੀ ਟਕਸਾਲ ਦੀ ਪ੍ਰਚਾਰ ਮੁਹਿੰਮ ਤਹਿਤ ਮੁਬੰਈ ਪਹੁੰਚ ਗਏ। ਉਨ੍ਹਾਂ ਦਾ ਮੁੱਖ ਸਥਾਨ ਬੰਬਈ ਵਿਖੇ ਗੁਰਦੁਆਰਾ ਸਿੰਘ ਸਭਾ ਦਾਦਰ ਸੀ। ਪੰਜਾਬ ਦੀ ਦਰਬਾਰਾ ਸਰਕਾਰ ਨੇ ਇਸ ਮੌਕੇ ਨੂੰ ਸਹੀ ਸਮਝਦਿਆਂ ਕੌਮੀ ਸੁਰੱਖਿਆ ਐਕਟ ਅਧੀਨ ਸੰਤਾਂ ਦੇ ਗ੍ਰਿਫਤਾਰੀ ਵਾਰੰਟ ਕੱਢ ਦਿੱਤੇ ਤੇ ਬੰਬਈ ਵਿੱਚ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਭੇਜ ਦਿੱਤੀ, ਪਰ ਚੰਦੋਂ ਕਲਾਂ ਵਾਂਗ ਹੀ ਪੁਲਿਸ ਪਾਰਟੀ ਪ੍ਰੇਸ਼ਾਨੀ ਵਿੱਚ ਪੈ ਗਈ ਕਿ ਸੰਤ ਜੀ ਬੰਬਈ ਵਿੱਚ ਨਹੀਂ, ਬਲਕਿ ਪੰਜਾਬ ਵਿੱਚ ਗੁਰਦੁਆਰਾ ਮਹਿਤੇ ਪਹੁੰਚ ਚੁੱਕੇ ਹਨ। ਹਿੰਦੁਸਤਾਨ ਦਾ ਖੁਫੀਆਂ ਤੰਤਰ ਇਸ ਗੱਲ ਤੋਂ ਹੈਰਾਨ ਸੀ ਕਿ ਸਾਡੀ ਹਰ ਹਰਕਤ ਸੰਤਾਂ ਤੱਕ ਕਿਵੇਂ ਪਹੁੰਚਦੀ ਹੈ ਅਤੇ ਉਹ ਆਪ ਕਿਵੇਂ ਖੁਫੀਆਂ ਏਜੰਸੀਆਂ ਦੇ ਅੱਖੀਂ ਘੱਟਾ ਪਾ ਕੇ ਆਪਣੀ ਮਨਮਰਜ਼ੀ ਨਾਲ ਇਕ ਤੋਂ ਦੂਸਰੇ ਪ੍ਰਾਂਤ ਪਹੁੰਚ ਜਾਂਦੇ ਹਨ ਅਤੇ ਫਿਰ ਬੰਬਈ ਤੋਂ ਪੰਜਾਬ ਤਾਂ ਲੱਗਭੱਗ ਛੇਵਾਂ ਪ੍ਰਾਂਤ ਹੈ। ਜਦ ਇਸ ਤਰ੍ਹਾਂ ਵੀ ਸੰਤਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਨਾ ਹੋਏ ਤਾਂ ਸਰਕਾਰ ਨੇ ਦਮਦਮੀ ਟਕਸਾਲ ਦੇ ਸਿੰਘਾਂ ਦੀ ਗ੍ਰਿਫਤਾਰੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਥੋੜ੍ਹੇ ਦਿਨਾਂ ਬਾਅਦ ਇਕ ਅੰਮ੍ਰਿਤਧਾਰੀ ਸਿੰਘ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਘਰੋਂ ਚੁੱਕ ਕੇ ਪੁਲਿਸ ਨੇ ਬੇਹਿਤਾਸ਼ਾ ਤਸ਼ੱਦਦ ਕੀਤਾ, ਲੋਹੇ ਦੀ ਗਰਮ ਸਲਾਖਾ ਉਸ ਦੇ ਸਰੀਰ ਵਿਚੋਂ ਦੀ ਆਰ-ਪਾਰ ਕਰ ਦਿੱਤੀਆਂ ਗਈਆਂ। ਲੱਤਾਂ-ਬਾਹਾਂ ਤੋੜ ਦਿੱਤੀਆਂ ਗਈਆਂ ਅਤੇ ਅਖੀਰ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਦੀ ਅੰਤਿਮ ਸਸਕਾਰ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਪਹੁੰਚੇ ਅਤੇ ਉਨ੍ਹਾਂ ਨਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਗੁਰਚਰਨ ਸਿੰਘ ਟੌਹੜਾ ਜੀ ਪਹੁੰਚੇ। ਇਨ੍ਹਾਂ ਦੋਹਾਂ ਧਾਰਮਿਕ ਆਗੂਆਂ ਨੇ ਭਾਈ ਕੁਲਵੰਤ ਸਿੰਘ ਦੀ ਅਰਥੀ ਆਪਣੇ ਮੋਢਿਆਂ ਉਪਰ ਚੁੱਕੀ ਅਤੇ ਉੁਸ ਦਾ ਅੰਤਿਮ ਸਸਕਾਰ ਕੀਤਾ। ਕੋਹ-ਕੋਹ ਕੇ ਸ਼ਹੀਦ ਕੀਤੇ ਸਿੰਘ ਦੀ ਅਰਥੀ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਅਤੇ ਗੁਰਚਰਨ ਸਿੰਘ ਟੋਹੜਾ ਵੱਲੋਂ ਆਪਣੇ ਮੋਢਿਆਂ ਉਪਰ ਚੁੱਕਣ ਦਾ ਵਿਸ਼ੇਸ਼ ਅਰਥ ਸੀ। ਜਿਸ ਨੂੰ ਭਾਰਤੀ ਹੁਕਰਮਾਨਾਂ ਨੇ ਅਣਗੌਲਿਆਂ ਕੀਤਾ। ਇਸ ’ਤੇ ਦੋਹਾਂ ਆਗੂਆਂ ਨੇ ਭਾਈ ਕੁਲਵੰਤ ਸਿੰਘ ਦੇ ਕਤਲ ਕਰਨ ਦਾ ਕਾਰਨ ਪੁੱਛਿਆ, ਜਿਸ ਦਾ ਕੋਈ ਉਤਰ ਨਾ ਮਿਲਿਆ। ਬਲਕਿ ਯੋਜਨਾਬੰਦ ਢੰਗ ਨਾਲ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਘੇਰਾਬੰਦੀ ਕਰਨ ਦੀ ਸਾਜ਼ਿਸ਼ ਘੜੀ ਗਈ ਸੀ।

ਇਕ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਤੇਜ਼ ਬੁਖਾਰ ਹੋ ਗਿਆ। ਇਸ ’ਤੇ ਡਾਕਟਰਾਂ ਨੇ ਕੁਝ ਦਿਨ ਅਰਾਮ ਕਰਨ ਲਈ ਕਿਹਾ, ਇਸ ਦੌਰਾਨ ਸੰਤਾਂ ਦਾ ਹਾਲ-ਪੁੱਛਣ ਲਈ ਸੰਤ ਬਾਬਾ ਉਤਮ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਿਤੇ ਪਹੁੰਚੇ ਅਤੇ ਕੁਝ ਸਮਾਂ ਸੰਤਾਂ ਨਾਲ ਬਚਨ-ਬਿਲਾਸ ਕਰਕੇ ਵਾਪਸ ਜਾਣ ਲੱਗੇ ਤਾਂ ਸੰਤਾਂ ਨੇ ਜੱਥੇ ਦੇ ਕੁਝ ਸਿੰਘ ਨਾਲ ਭੇਜੇ ਕਿ ਜਾਓ ਸੰਤਾਂ ਨੂੰ ਖਡੂਰ ਸਾਹਿਬ ਛੱਡ ਕੇ ਆਓ। ਇਹ ਸਿੰਘ ਭਾਈ ਜਗੀਰ ਸਿੰਘ ਮਹੰਤ, ਭਾਈ ਅਜੈਬ ਸਿੰਘ ਮਹਿਤਾ, ਭਾਈ ਨਰਿੰਦਰ ਸਿੰਘ ਨੰਦੂ ਆਦਿ ਸੰਤ ਬਾਬਾ ਉਤਮ ਸਿੰਘ ਜੀ ਨੂੰ ਖਡੂਰ ਸਾਹਿਬ ਛੱਡ ਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਇਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤਾਂ ਅਗਲੇ ਦਿਨ ਸੰਤਾਂ ਨੇ ਜੱਥੇ ਦੇ ਸੀਨੀਅਰ ਸਿੰਘ ਬਾਬਾ ਠਾਹਰਾ ਸਿੰਘ ਨੂੰ ਇਨ੍ਹਾਂ ਦੀ ਗ੍ਰਿਫਤਾਰੀ ਦਾ ਪਤਾ ਕਰਨ ਲਈ ਅੰਮ੍ਰਿਤਸਰ ਭੇਜਿਆ ਗਿਆ। ਹੈਰਾਨੀ ਦੀ ਗੱਲ ਕਿ ਬਾਬਾ ਠਾਹਰਾ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ“ਠਾਹਰਾ ਸਿੰਘ ਦਾ ਪਤਾ ਕਰਨ ਲਈ ਅਤੇ ਸਮੁੱਚੇ ਘਟਨਾ ਚੱਕਰ ਨੂੰ ਸਮਝਣ ਲਈ ਸੰਤਾਂ ਨੇ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਸ ਫੈਡਰੇਸ਼ਨ ਨੂੰ ਸ੍ਰੀ ਅੰਮ੍ਰਿਤਸਰ ਭੇਜਿਆ। ਜਦੋਂ ਭਾਈ ਅਮਰੀਕ ਸਿੰਘ ਅੰਮ੍ਰਿਤਸਰ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੰਜਾਬ ਦੇ ਗਵਰਨਰ ਸ੍ਰੀ ਚੰਨਾ ਰੈਡੀ ਅੰਮ੍ਰਿਤਸਰ ਆਏ ਹੋਏ ਹਨ। ਜਿਨ੍ਹਾਂ ਨਾਲ ਮਿਲ ਕੇ ਭਾਈ ਅਮਰੀਕ ਸਿੰਘ ਨੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਪਰ ਉਨ੍ਹਾਂ ਵੱਲੋਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਭਾਈ ਅਮਰੀਕ ਸਿੰਘ ਦੀ ਇਕ ਵੀ ਗੱਲ ਨਾ ਸੁਣੀ ਬਲਕਿ ਅੰਮ੍ਰਿਤਸਰ ਪੁਲਿਸ ਨੂੰ ਹੁਕਮ ਦੇ ਕੇ ਭਾਈ ਅਮਰੀਕ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਵਾ ਦਿੱਤਾ। ਇਸ ਦਾ ਪਤਾ ਲੱਗਦਿਆਂ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਨੇ ਮਹਿਤੇ ਵਿਖੇ ਮੌਜੂਦ ਕੁਝ ਕੁ ਸਿੰਘਾਂ ਨਾਲ ਗੁਰਮਤਾ ਕਰਨ ਉਪਰੰਤ ਫੈਸਲਾ ਲਿਆ ਕਿ ਅੱਜ ਤੋਂ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਖਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚਾ ਆਰੰਭਿਆ ਜਾਵੇਗਾ ਅਤੇ 51-51 ਸਿੰਘਾਂ ਦਾ ਜੱਥਾ ਹਰ ਰੋਜ਼ ਭੇਜਿਆ ਜਾਵੇਗਾ ਤਾਂ ਕਿ ਹਿੰਦ ਸਰਕਾਰ ਜਿੰਨੇ ਸਿੰਘਾਂ ਨੂੰ ਚਾਹਵੇ ਗ੍ਰਿਫ਼ਤਾਰ ਕਰੀ ਜਾਵੇ। ਇਸ ਤਰ੍ਹਾਂ ਭਾਈ ਅਮਰੀਕ ਸਿੰਘ ਜੀ ਦੀ ਗ੍ਰਿਫਤਾਰੀ ਵਾਲੇ ਦਿਨ 19 ਜੁਲਾਈ 1982 ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਮੋਰਚਾ ਲਾ ਦਿੱਤਾ ਅਤੇ 51-51 ਸਿੰਘਾਂ ਦੇ ਜੱਥੇ ਭੇਜਣੇ ਅਰੰਭ ਕਰ ਦਿੱਤੇ। ਜੋ ਲੋਕ ਇਹ ਸਮਝਦੇ ਹਨ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕੇਵਲ ਖਾੜਕੂ ਸੁਭਾਅ ਦੇ ਮਾਲਕ ਸਨ, ਉਹ ਬਹੁਤ ਵੱਡੇ ਭੁਲੇਖੇ ਵਿੱਚ ਹਨ। ਕਿਉਂਕਿ ਸੰਤਾਂ ਨੇ ਹਰ ਢੰਗ ਨਾਲ ਕਾਨੂੰਨੀ ਪ੍ਰਕਿਰਿਆ ’ਤੇ ਚੱਲ ਕੇ ਅਦਾਲਤਾਂ ਦੇ ਕੁੰਡੇ ਖੜਕਾਏ। ਲੋਕਤੰਤਰੀ ਢੰਗ ਨਾਲ ਭਾਰਤੀ ਹੁਕਮਰਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਵੰਗਾਰਿਆ। ਉਨ੍ਹਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ 1947 ਤੋਂ ਲੈ ਕੇ ਅੱਜ ਤੱਕ ਭਾਰਤੀ ਹੁਕਮਰਾਨਾਂ ਨੇ ਸਿੱਖਾਂ ਲਈ ਦੋਹਰੇ ਮਾਪਦੰਡ ਅਪਣਾਏ ਹੋਏ ਹਨ। ਜਿਸ ਕਾਰਨ ਸਾਡਾ ਪਹਿਰਾਵਾ, ਸਾਡੀ ਭਾਸ਼ਾ, ਸਾਡਾ ਸੂਬਾ, ਸਾਡੇ ਕੁਦਰਤੀ ਸੋਮੇ, ਸਾਡਾ ਰੁਜ਼ਗਾਰ ਅਤੇ ਸਾਡਾ ਸਿੱਖੀ ਸਰੂਪ ਖਤਰੇ ਵਿੱਚ ਹਨ। ਇਸ ਤਰ੍ਹਾਂ ਆਰੰਭ ਕੀਤੇ ਮੋਰਚੇ ਵਿੱਚ ਹਰ ਰੋਜ਼ 51 ਸਿੰਘਾਂ ਦਾ ਜੱਥਾ ਗ੍ਰਿਫਤਾਰੀ ਦਿੰਦਾ। ਇਸ ਤਰ੍ਹਾਂ ਗ੍ਰਿਫਤਾਰੀ ਦੇਣ ਵਾਲਿਆਂ ਵਿੱਚ ਜੱਥਿਆਂ ਦੀ ਲੰਬੀ ਲਿਸਟ ਬਣ ਗਈ। ਸੰਗਤਾਂ ਵਿੱਚ ਭਾਰੀ ਜੋਸ਼ ਉਤਪੰਨ ਹੋਇਆ ਅਤੇ ਸੰਤਾਂ ਨੂੰ ਬੇਨਤੀ ਕਰਨ ਲੱਗੇ, ਗ੍ਰਿਫਤਾਰ ਹੋਣ ਵਾਲੇ ਸਿੰਘਾਂ ਦੀ ਗਿਣਤੀ ਵਧਾਈ ਜਾਵੇ। ਪਰ ਸੰਤਾਂ ਨੇ ਸਭ ਸਿੰਘਾਂ ਨੂੰ ਧੀਰਜ ਰੱਖਣ ਦਾ ਸੰਦੇਸ਼ ਦਿੱਤਾ ਕਿ ਸਮਾਂ ਆਉਣ ’ਤੇ ਅਜਿਹਾ ਕੀਤਾ ਜਾਵੇਗਾ। ਇਸ ਤਰ੍ਹਾਂ ਇਹ ਜੱਥੇ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਗ੍ਰਿਫਤਾਰੀ ਦੇਣ ਲਈ ਸੰਗਤਾਂ ਵਿੱਚ ਏਨਾ ਜਜ਼ਬਾ ਅਤੇ ਉਤਸ਼ਾਹ ਪੈਦਾ ਹੋਇਆ ਕਿ ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਤੋਂ ਵੀ ਜੱਥਿਆਂ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਗਈ। ਇਸ ਤਰ੍ਹਾਂ ਇਹ ਮੋਰਚਾ ਆਰੰਭ ਹੋਇਆ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਹਰਾ ਸਿੰਘ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ ਤਦ ਤੱਕ ਇਹ ਸ਼ਾਂਤਮਈ ਅੰਦੋਲਨ ਜਾਰੀ ਰਹੇਗਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹਿਰ ਰੋਕੂ ਮੋਰਚਾ ਚੱਲ ਰਿਹਾ ਸੀ, ਕਿਉਂਕਿ ਨਹਿਰ ਪੂਰਨ ਦਾ ਕਾਰਜ ਕਪੂਰੀ ਪਿੰਡ ਤੋਂ ਕੀਤਾ ਗਿਆ ਸੀ। ਇਸ ਲਈ ਇਸ ਮੋਰਚੇ ਦਾ ਨਾਂ ਕਪੂਰੀ ਦਾ ਮੋਰਚਾ ਪ੍ਰਸਿੱਧ ਹੋਇਆ। ਇਸ ਮੋਰਚੇ ਲਈ ਆਮ ਲੋਕਾਂ ਦੀ ਆਸਥਾ ਦਿਨੋਂ ਦਿਨ ਘੱਟ ਰਹੀ ਸੀ। ਇਸ ਲਈ ਗਿਣਤੀ ਪੱਖੋਂ ਕੁਝ ਚੋਣਵੇਂ ਜੱਥੇਦਾਰ ਹੀ ਇਸ ਮੋਰਚੇ ਦਾ ਅੰਗ ਬਣ ਕੇ ਰਹਿ ਗਏ। ਇਕ ਤਰ੍ਹਾਂ ਨਾਲ ਇਹ ਕਪੂਰੀ ਦਾ ਮੋਰਚਾ ਦਿਸ਼ਾਹੀਣ ਹੋ ਕੇ ਦਮ ਘੁੱਟਦਾ ਪ੍ਰਤੀਤ ਹੋ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਵੱਲੋਂ ਆਰੰਭੇ ਮੋਰਚੇ ਪ੍ਰਤੀ ਸਿੱਖ ਸੰਗਤਾਂ ਦਾ ਉਤਸ਼ਾਹ ਵੇਖ ਕੇ ਇਹ ਮਹਿਸੂਸ ਕਰ ਲਿਆ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਕੇਵਲ ਸੰਤਾਂ ਦੇ ਮੋਰਚੇ ਵੱਲ ਖਿੱਚਿਆ ਜਾ ਰਿਹਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਇਹੀ ਬੇਹਤਰ ਸਮਝਿਆ ਕਿ ਮੋਰਚਾ ਸ੍ਰੀ ਅੰਮ੍ਰਿਤਸਰ ਤੋਂ ਚਲਾਇਆ ਜਾਵੇ ਅਤੇ ਸੰਤ ਭਿੰਡਰਾਂਵਾਲੇ ਦੇ ਚੱਲ ਰਹੇ ਮੋਰਚੇ ਨਾਲ ਸਾਂਝਾ ਕਰ ਲਿਆ ਜਾਵੇ। ਇਸ ਸਬੰਧ ਵਿੱਚ ਅਕਾਲੀ ਆਗੂਆਂ ਨੇ ਗੰਭੀਰ ਵਿਚਾਰਾਂ ਕੀਤੀਆਂ। ਜਿਸ ਵਿੱਚ ਸੰਤਾਂ ਨੇ ਪੁੱਛਿਆ ਕਿ ਨਹਿਰ ਰੋਕਣ ਤੋਂ ਇਲਾਵਾ ਹੋਰ ਕਿਹੜੀਆਂ ਮੰਗਾਂ ਹਨ ਜਿਨ੍ਹਾਂ ਲਈ ਅਕਾਲੀ ਦਲ ਸ਼ਾਂਤਮਈ ਸੰਘਰਸ਼ ਕਰਨਾ ਚਾਹੁੰਦਾ ਹੈ। ਜਵਾਬ ਵਿੱਚ ਅਕਾਲੀ ਦਲ ਨੇ ਦੱਸਿਆ ਕਿ ਅਸੀਂ ਆਪ ਜੀ ਨਾਲ ਮਿਲ ਕੇ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਤੱਕ ਸ਼ਾਂਤਮਈ ਸੰਘਰਸ਼ ਲੜਨਾ ਚਾਹੁੰਦੇ ਹਨ। ਇਸ ਤਰ੍ਹਾਂ ਆਪਸੀ ਸਹਿਮਤੀ ਨਾਲ ਦੋਵਾਂ ਮੋਰਚਿਆਂ ਨੂੰ ਸਾਂਝਾ ਕਰ ਲਿਆ ਗਿਆ ਅਤੇ ਇਸ ਦਾ ਨਾਮ ‘ਧਰਮਯੁੱਧ ਮੋਰਚਾ’ ਰੱਖਿਆ ਗਿਆ। ਪਰ 19 ਜੁਲਾਈ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਤੱਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਇਕੱਲਿਆਂ ਹੀ ਜੱਥੇ ਭੇਜੇ ਸਨ ਅਤੇ ਲੱਗਭੱਗ ਦੋ ਮਹੀਨਿਆਂ ਦੀ ਲਿਸਟ ਬਣ ਚੁੱਕੀ ਸੀ। ਜਿਨ੍ਹਾਂ ਜੱਥਿਆਂ ਨੇ ਆਉਣ ਵਾਲੇ ਦੋ ਮਹੀਨਿਆਂ ਵਿੱਚ ਮੋਰਚੇ ’ਤੇ ਜਾਣਾ ਸੀ। ਪਰ ਦੋਵਾਂ ਮੋਰਚਿਆਂ ਦੀ ਸਾਂਝ ਮੁਤਾਬਿਕ 4 ਅਗਸਤ 1982 ਨੂੰ ਸਾਂਝੇ ਰੂਪ ਵਿੱਚ ਜੱਥਾ ਭੇਜਿਆ ਜਾਣਾ ਸੀ। ਇਸ ਜਾਣ ਵਾਲੇ ਜੱਥੇ ਦੇ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਸਨ। ਇਸ ਢੰਗ ਨਾਲ 4 ਅਗਸਤ ਤੋਂ ਬਾਅਦ ਇਹ ਅੰਦੋਲਨ ਧਰਮਯੁੱਧ ਮੋਰਚੇ ਦੇ ਰੂਪ ਵਿੱਚ ਆਰੰਭ ਹੋ ਗਿਆ। ਬਹੁਤ ਲੰਬੀਆਂ ਵਿਚਾਰਾਂ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੇ ਤੋਂ ਉਮਰ ਵਿੱਚ ਵੱਡਾ ਜਾਣ ਕੇ ਉਨ੍ਹਾਂ ਦਾ ਸਤਿਕਾਰ ਕਰਦਿਆਂ ਧਰਮਯੁੱਧ ਮੋਰਚੇ ਦਾ ਡਿਕਟੇਟਰ ਸਵੀਕਾਰ ਕਰ ਲਿਆ ਅਤੇ ਧਰਮਯੁੱਧ ਮੋਰਚੇ ਨੂੰ ਆਪਸੀ ਸਹਿਯੋਗ ਨਾਲ ਚਲਾਉਣ ਦਾ ਨਿਰਣਾ ਲਿਆ। ਇਥੇ ਅਸੀਂ ਆਨੰਦਪੁਰ ਸਾਹਿਬ ਦੇ ਮਤੇ ਦੀ ਬਣਤਰ ਸੰਗਤਾਂ ਸਾਹਮਣੇ ਰੱਖਣਾ ਚਾਹੁੰਦੇ ਹਾਂ ਜੋ ਕਿ ਧਰਮਯੁੱਧ ਮੋਰਚੇ ਦਾ ਮੂਲ ਅਧਾਰ ਸੀ। ਕਿਉਂਕਿ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਨੂੰ ਮੰਨੇ ਜਾਣ ਤੱਕ ਇਹ ਮੋਰਚਾ ਜਾਰੀ ਰੱਖਣ ਦਾ ਪ੍ਰਣ ਲਿਆ ਗਿਆ ਸੀ। ਭਾਰਤੀ ਖੂਫੀਆ ਏਜੰਸੀਆਂ ਅਤੇ ਸਿੱਖ ਵਿਰੋਧੀ ਮੀਡੀਏ ਨੇ ਅਨੰਦਪੁਰ ਦੇ ਮਤੇ ਨੂੰ ਵੱਖਵਾਦੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰੇ ਦਾ ਚਿੰਨ੍ਹ ਦੱਸਿਆ। ਸੋ ਜਿਸ 1973 ਦੇ ਅਨੰਦਪੁਰ ਵਾਲੇ ਮਤੇ ਨੂੰ ਵੱਖਵਾਦੀ ਕਿਹਾ ਗਿਆ, ਉਹ ਇਸ ਪ੍ਰਕਾਰ ਹੈ: ਅਨੰਦਪੁਰ ਦਾ ਮਤਾ ਜੋ 1973 ਵਿੱਚ ਪਾਸ ਕੀਤਾ ਗਿਆ 1) ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਮੁੱਚੀ ਮਰਜ਼ੀ ਦਾ ਇਕੋ ਇਕ ਪ੍ਰਗਟਾਊ ਹੈ ਤੇ ਪੰਥ ਦੀ ਪ੍ਰਤੀਨਿਧਤਾ ਕਰਨ ਲਈ ਪੂਰਾ ਅਧਿਕਾਰ ਰੱਖਦਾ ਹੈ । ਇਸ ਜਥੇਬੰਦੀ ਦੀ ਬੁਨਿਆਦ ਮਨੁੱਖਾਂ ਦੇ ਆਪਸੀ ਸਬੰਧ ਮਨੁੱਖ ਗਤੀ ਅਤੇ ਮਨੁੱਖ ਪ੍ਰੇਮ-ਤੱਤ ਨਾਲ ਸਬੰਧਾਂ ਉੱਤੇ ਰੱਖੀ ਗਈ ਹੈ । 2) ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਹੀ ਉਪਦੇਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੀਆਂ ਲੀਹਾਂ ਉੱਤੇ ਅਧਾਰਤ ਹਨ । ਮਨੋਰਥ ਸ਼੍ਰੋਮਣੀ ਅਕਾਲੀ ਦਲ ਹੇਠ ਲਿਖੇ ਮੰਤਵਾਂ ਦੀ ਪੂਰਤੀ ਲਈ ਸਦਾ ਤੱਤਪਰ ਰਹੇਗਾ । 1) ਗੁਰਮਤਿ ਤੇ ਰਹਿਤ ਮਰਿਯਾਦਾ ਦਾ ਪ੍ਰਚਾਰ ਅਤੇ ਨਾਸਤਕਤਾ ਤੇ ਮਨਮੱਤ ਦਾ ਪ੍ਰਹਾਰ । 2) ਸਿੰਘਾਂ ਵਿੱਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ਼ ਕਾਲ ਘੜਨਾ ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਓ ਪੂਰਨ ਤੌਰ ਤੇ ਮੂਰਤੀਮਾਨ ਤੇ ਪ੍ਰਜਵਲਤ ਹੋ ਸਕੇ । 3) ਕੰਗਾਲੀ, ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ ਨਿਆਂਕਾਰੀ ਤੇ ਚੰਗੇ ਨਿਜਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੌਜੂਦਾ ਪਾਣੀ ਵੰਡ ਤੇ ਲੁੱਟ – ਖਸੁੱਟ (ਐਕਸ-ਪਬਾਇਟੇਸ਼ਨ) ਨੂੰ ਦੂਰ ਕਰਨਾ । 4) ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ , ਛੂਤ- ਛਾਤ ਤੇ ਜਾਤ- ਪਾਤ ਦੇ ਵਿਤਕਰੇ ਨੂੰ ਹਟਾਉਣਾ । 5) ਮੰਦੀ ਸਿਹਤ ਤੇ ਬਿਮਾਰੀ ਨੂੰ ਦੂਰ ਕਰਨ ਦੇ ਉਪਾਓ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼, ਸਰੀਰਕ ਅਰੋਗਤਾ ਦਾ ਵਾਧਾ ਜਿਸ ਨਾਲ ਕੌਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਓ ਲਈ ਤਿਆਰ ਹੋ ਸਕੇ । ਅੰਕ ਪਹਿਲਾ ਅਕਾਲੀ ਦਲ ਸਿੱਖਾਂ ਵਿੱਚ ਧਰਮ-ਭਾਵ ਪੈਦਾ ਕਰਨ ਤੇ ਉਹਨਾਂ ਵਿੱਚ ਸਿੱਖ ਹੋਣ ਉੱਤੇ ਫਖ਼ਰ ਪੈਦਾ ਕਰਨਾ ਆਪਣਾ ਮੁੱਖ ਮਨੋਰਥ ਸਮਝਦਾ ਹੈ ਜਿਸ ਦੀ ਪੂਰਤੀ ਲਈ ਅਕਾਲੀ ਦਲ ਹੇਠ ਲਿਖਿਆ ਪ੍ਰੋਗਰਾਮ ਵਾਸਤੇ ਵਰਤੋਂ ਵਿੱਚ ਲਿਆਏਗਾ :- (ਓ) ਵਾਹਿਗੁਰੂ ਦੀ ਵਾਹਿਦ ਹਸਤੀ ਦਾ ਪ੍ਰਚਾਰ ਕਰਨਾ, ਨਾਮ ਸਿਮਰਨ ਤੇ ਗੁਰਬਾਣੀ ਦਾ ਪ੍ਰਵਾਹ ਚਲਾਣਾ ਦਸ ਗੁਰੂ ਸਾਹਿਬਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਤੇ ਦ੍ਰਿੜ ਨਿਸ਼ਚਾ ਕਰਾਉਣ ਤੇ ਉਹਨਾਂ ਉਪਦੇਸ਼ਾਂ ਦੀ ਵਾਕਫੀ ਤੇ ਉਹਨਾਂ ਉੱਤੇ ਅਮਲ ਕਰਾਉਣ ਲਈ ਯਤਨ ਕਰਨਾ । (ਅ) ਗੁਰਮਤਿ, ਸਿੱਖ ਫਲਸਫਾ, ਰਹਿਤ ਮਰਿਯਾਦਾ ਤੇ ਕੀਰਤਨ ਆਦਿ ਦੇ ਪ੍ਰਚਾਰ ਨੂੰ ਕਾਮਯਾਬੀ ਨਾਲ ਚਲਾਉਣ ਲਈ ਸਿੱਖ ਮਿਸ਼ਨਰੀ ਕਾਲਜ ਵਿਚੋਂ ਪ੍ਰਚਾਰਕ ਤੇ ਚੰਗੇ ਰਾਗੀ, ਢਾਡੀ ਕਵੀਸ਼ਰੀ ਪੈਦਾ ਕਰਨੇ ਤਾਂ ਕਿ ਦੇਸ਼ ਤੇ ਪ੍ਰਦੇਸ਼ ਵਿੱਚ ਕਾਲਜਾਂ ਤੇ ਸਕੂਲਾਂ ਵਿੱਚ , ਪਿੰਡਾਂ ਤੇ ਸ਼ਹਿਰਾਂ ਵਿੱਚ, ਭਾਵ ਹਰ ਥਾਂ ਲਈ ਪ੍ਰਚਾਰ ਦੀ ਯੋਗਤਾ ਰੱਖਣ ਵਾਲੇ ਸੱਜਣ ਤਿਆਰ ਕੀਤੇ ਜਾ ਸਕਣ । (ੲ) ਵੱਡੇ ਪੈਮਾਨੇ ਤੇ ਪ੍ਰਚਾਰ ਦਾ ਪ੍ਰਬੰਧ ਕਰਨਾ, ਕਾਲਜਾਂ ਅਤੇ ਸਕੂਲਾਂ ਵਿਚ ਇਸੇ ਸੰਬੰਧ ਵਿੱਚ ਪੂਰਾ ਤਾਣ ਲਾਉਣਾ ਅਤੇ ਇਸ ਮਨੋਰਥ ਨੂੰ ਸਾਹਮਣੇ ਰੱਖਕੇ ਕਾਲਜਾਂ ਦੇ ਪ੍ਰੋਫੇਸਰਾਂ ਦੇ ਬਕਾਇਦਾ ਸਟੱਡੀ ਸਰਕਲ ਲਾਉਣ ਦਾ ਪ੍ਰਬੰਦ ਕਰਨਾ । (ਸ) ਸਿੱਖਾਂ ਵਿੱਚ ਦਸਵੰਧ ਦਾ ਰਿਵਾਜ਼ ਮੁੜ ਸੁਰਜੀਤ ਕਰਨਾ । (ਹ) ਸਿੱਖ ਧਰਮ ਤੇ ਇਤਿਹਾਸ ਦੇ ਵਿਦਵਾਨਾਂ, ਲਿਖਾਰੀਆਂ, ਪ੍ਰਚਾਰਕਾਂ ਗ੍ਰੰਥੀਆਂ ਆਦਿ ਦਾ ਕੌਮ ਵਲੋਂ ਵੱਧ ਤੋਂ ਵੱਧ ਆਦਰ ਕਰਨ ਲਈ ਪ੍ਰਚਾਰ ਕਰਨਾ ਅਤੇ ਉਹਨਾਂ ਦੇ ਰੁਤਬੇ , ਸਿਖਲਾਈ ਅਤੇ ਰਹਿਣੀ ਦਾ ਮਿਆਰ ਉਚਾ ਕਰਨ ਲਈ ਯਤਨ ਕਰਨਾ । (ਕ) ਗੁਰਦੁਆਰਾ ਪ੍ਰਬੰਧ ਨੂੰ ਵਧੇਰੇ ਸੋਹਣਾ ਬਨਾਉਣ ਲਈ ਯਤਨ ਕਰਨਾ ਤੇ ਗੁਰਦੁਆਰਾ ਕਰਮਚਾਰੀਆਂ ਦੀ ਸਿੱਖਲਾਈ ਲਈ ਪ੍ਰਬੰਧ ਕਰਨਾ, ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸੰਭਾਲ ਕਰਾਉਣੀ । ਜਿਸ ਸੰਬੰਧ ਵਿੱਚ ਸਮੇਂ-ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਹੋਰ ਕਮੇਟੀਆਂ ਵਿੱਚ ਆਪਣੇ ਪ੍ਰਤੀਨਿਧਾਂ ਨੂੰ ਯੋਗ ਹਦਾਇਤਾਂ ਭੇਜਦੇ ਰਹਿਣਾ । (ਖ) ਗੁਰਬਾਣੀ ਦੀ ਸ਼ੁੱਧ ਛਪਾਈ ਤੇ ਨਵੀਂ ਸਿੱਖ ਇਤਿਹਾਸ ਦੀ ਖੋਜ ਅਤੇ ਸੰਭਾਲ ਦੇ ਪ੍ਰਕਾਸ਼ਨਾਵਾਂ, ਗੁਰਬਾਣੀ ਦਾ ਹੋਰ ਬੋਲੀਆਂ ਵਿੱਚ ਉਲੱਥਾ ਸਿੱਖ ਸਿਧਾਂਤ ਬਾਰੇ ਵਧੀਆ ਸਾਹਿਤ ਤਿਆਰ ਕਰਨ ਲਈ ਪ੍ਰਬੰਧ ਕਰਨਾ । (ਗ) ਇਕ ਨਵਾਂ ਸਰਬ – ਹਿੰਦ ਗੁਰਦੁਆਰਾ ਕਾਨੂੰਨ ਬਣਾਉਣਾ ਬੰਨਣਾ , ਜਿਸ ਨਾਲ ਕੁਲ ਦੇਸ਼ ਭਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਵਧੇਰੇ ਸੁਚੱਜਾ ਤੇ ਸ਼ੋਭਾ ਜਨਕ ਹੋ ਸਕੇ ਅਤੇ ਜਿਸ ਨਾਲ ਸਿੱਖ ਪੰਥ ਦੇ ਪ੍ਰਾਚੀਨ ਪ੍ਰਚਾਰ ਕਰਨ ਵਾਲੀਆਂ ਸੰਪਰਦਾਵਾਂ ਜਿਹਾ ਕਿ ਉਦਾਸੀ , ਨਿਰਮਲੇ ਆਦਿ ਮੁੜ ਸਮੁੱਚੇ ਸਿੱਖ ਸਮਾਜ ਦਾ ਅਨਿਖੜਵਾਂ ਅੰਗ ਬਣ ਜਾਣ ਪ੍ਰੰਤੂ ਉਨਾਂ ਦੀਆਂ ਜਾਇਦਾਦਾਂ ਇਨਾਂ ਸੰਪਰਦਾਵਾਂ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਰਹਿਣ । (ਘ) ਸਾਰੇ ਸੰਸਾਰ ਦੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਇਕ ਲੜੀ ਵਿੱਚ ਪਰੋਕੇ ਸਾਰੇ ਖਾਲਸਾ ਪੰਥ ਦੇ ਧਰਮ ਅਸਥਾਨਾਂ ਦੀਆਂ ਰਹੁ ਰੀਤਾਂ ਨੂੰ ਇੱਕ ਸਾਰ ਕਰਨ ਅਤੇ ਪ੍ਰਚਾਰ ਦੇ ਸਾਧਨਾਂ ਨੂੰ ਜੁੜਦਾ ਅਤੇ ਅਸਰ ਭਰਪੂਰ ਬਨਾਉਣ ਦਾ ਪ੍ਰਬੰਧ ਕਰਨਾ । (ਫ) ਸ਼੍ਰੀ ਨਨਕਾਣਾ ਸਾਹਿਬ ਅਤੇ ਉਹਨਾਂ ਹੋਰ ਸਮੂਹ ਗੁਰਦੁਆਰਿਆਂ ਦੇ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਪ੍ਰਬੰਧ ਸਮੂਹ ਸਿੱਖਾਂ ਲਈ ਹਾਸਲ ਕਰਨ ਦੇ ਯਤਨ ਕਰਨਾ । ਅੰਕ ਦੂਜਾ ਰਾਜਸੀ ਨਿਸ਼ਾਨਾ ਪੰਥਕ ਰਾਜਸੀ ਨਿਸ਼ਾਨ ਨਿਸ਼ਚੇ ਤੌਰ ਤੇ ਸਾਹਿਬ ਦਸਮ ਪਾਤਿਸ਼ਾਹ ਦੇ ਆਦੇਸ਼ਾਂ ਅਨੁਸਾਰ ਸਿੱਖ ਇਤਿਹਾਸ ਦੇ ਪਨਿਆਂ ਅਤੇ ਖਾਲਸਾ ਪੰਥ ਦੇ ‘ਮਨ ਮੰਦਰ‘ ਵਿੱਚ ਉਕਰਿਆ ਚਲਿਆ ਆ ਰਿਹਾ ਹੈ , ਜਿਸ ਦਾ ਮਕਸਦ ‘ ਖਾਲਸਾ ਜੀ ਦਾ ਬੋਲ ਬਾਲਾ‘ ਖਾਲਸਾ ਜੀ ਦੇ ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ਼ ਕਾਲ ਤੇ ਰਾਜਸੀ ਵਿਧਾਨ ਦੀ ਸਿਰਜਨਾ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ । ਇਸ ਪ੍ਰਯੋਜਨ ਦੀ ਪੂਰਤੀ ਲਈ 1. ਸ਼੍ਰੋਮਣੀ ਅਕਾਲੀ ਦਲ ਹਰ ਮੁਸ਼ਕਿਲ ਤਰੀਕੇ ਨਾਲ ਯਤਨ ਤੇ ਜੱਦੋ-ਜਹਿਦ ਕਰੇਗਾ ਕਿ (ਓ) ਜਿਹੜੇ ਰਕਬੇ ਦੇ ਇਲਾਕੇ ਪੰਜਾਬ ਨਾਲੋਂ ਤੋੜ ਕੇ ਤੇ ਜਾਣ – ਬੁੱਝ ਕੇ ਪੰਜਾਬ ਤੋਂ ਬਾਹਰ ਰੱਖੇ ਗਏ ਹਨ , ਜਿਵੇ ਕਿ ਗੁਰਦਾਸਪੁਰ ਵਿਚੋਂ ਡਲਹੋਜ਼ੀ , ਅੰਬਾਲਾ ਜ਼ਿਲ੍ਹੇ ਦਾ ਚੰਡੀਗੜ੍ਹ , ਪਿੰਜੋਰ , ਕਾਲਕਾ ਅਤੇ ਅੰਬਾਲਾ ਸਦਰ ਆਦਿ , ਹੁਸ਼ਿਆਰਪੁਰ ਜ਼ਿਲ੍ਹੇ ਦੀ ਸਾਰੀ ਉਨਾਂ ਤਹਿਸੀਲ, ਨਾਲਾਗੜ੍ਹ ਦਾ ‘ਦੇਸ਼’ ਨਾਮੀ ਇਲਾਕਾ , ਕਰਨਾਲ ਜ਼ਿਲ੍ਹੇ ਦਾ ਸ਼ਾਹਬਾਦ ਬਲਾਕ ਅਤੇ ਗੁਹਲਾ ਬਲਾਕ ਤੇ ਹਿਸਾਰ ਜ਼ਿਲ੍ਹੇ ਦੀ ਟੋਹਾਂਨਾ ਸਬ ਤਹਿਸੀਲਾਂ ਰਤੀਆ ਬਲਾਕ ਤੇ ਸਰਸੇ ਦੀ ਤਹਿਸੀਲ ਰਾਜਸਥਾਨ ਤੇ ਗੰਗਾਨਗਰ ਦੇ ਜ਼ਿਲ੍ਹੇ ਦੀਆਂ 9 ਤਹਿਸੀਲਾਂ ਅਤੇ ਇਨਾਂ ਦੇ ਨਾਲ ਲੱਗਦੇ ਪੰਜਾਬੀ ਬੋਲਦੇ ਤੇ ਸਿੱਖ ਵਸੋਂ ਦੇ ਹੋਰ ਸਾਰੇ ਇਲਾਕੇ ਤੁਰੰਤ ਪੰਜਾਬ ਵਿੱਚ ਆ ਜਾਣ ਅਤੇ ਇੱਕੋ ਇੱਤਜਾਨੀਆ ਇਕਾਲੀ ਬਣ ਜਾਣ , ਜਿਸ ਵਿੱਚ ਸਿੱਖੀ ਤੇ ਸਿੱਖਾਂ ਦੇ ਹਿੱਤ ਵਿਸ਼ੇਸ਼ ਸੁਰੱਖਿਅਤ ਰਹਿਣ । (ਅ) ਇਸ ਨਵੇਂ ਪੰਜਾਬ ਤੇ ਦੇਸ਼ ਅਤੇ ਹੋਰ ਸੂਬਿਆਂ ਵਿੱਚ ਕੇਂਦਰ ਦਾ ਦਖਲ ਕੇਵਲ ਦੇਸ਼ ਦੇ ਡਿਫੈਂਸ ਵਿਦੇਸ਼ੀ ਮਾਮਲਿਆਂ ਤਾਰ ਡਾਕ ਤੇ ਰੇਲਵੇ ਦੇ ਮਹਿਕਮਿਆਂ ਤੱਕ ਹੀ ਸੀਮਤ ਹੋਵੇ ਅਤੇ ਬਾਕੀ ਸਾਰੇ ਮਹਿਕਮੇ ਪੰਜਾਬ ਦੇ ਆਪਣੇ ਅਧਿਕਾਰ ਵਿੱਚ ਹੋਣ। ਇਹਨਾਂ ਦੇ ਪ੍ਰਬੰਧ ਲਈ ਪੰਜਾਬ ਨੂੰ ਆਪਣਾ ਆਪ ਬਣਾਉਣ ਦਾ ਪੂਰਨ ਅਧਿਕਾਰ ਹੋਵੇ । ਇਹਨਾਂ ਕੇਂਦਰੀ ਮਹਿਕਮਿਆਂ ਲਈ ਲੋੜੀਂਦੇ ਫਾਈਨਾਂਸ ਵੀ ਪੰਜਾਬ ਆਪਣਾ ਕੋਟਾ ਪਾਰਲੀਮੈਂਟ ਵਿੱਚ ਆਪਣੇ ਨੁਮਾਇੰਦਿਆਂ ਦੀ ਗਿਣਤੀ ਦੇ ਤਨਾਸਬ ਅਨੁਸਾਰ ਖੁਦ ਆਪ ਹੀ ਅਦਾ ਕਰੇ । (ੲ) ਪੰਜਾਬੋਂ ਬਾਹਰ ਵੱਸਣ ਵਾਲੀ ਸਿੱਖ ਵਸੋਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਮੁਆਸਰ ਤਹੱਫਜ਼ਾਤ (ਸੁਰੱਖਿਆ)ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਕਿਸੇ ਵਿਤਕਰੇ ਦਾ ਸ਼ਿਕਾਰ ਨਾ ਹੋ ਸਕਣ । 2. ਸ਼੍ਰੋਮਣੀ ਅਕਾਲੀ ਦਲ ਇਹ ਵੀ ਯਤਨ ਕਰੇਗਾ ਕਿ ਹਿੰਦੋਸਤਾਨ ਦਾ ਵਿਧਾਨ ਸਹਿ ਅਰਥਾਂ ਵਿੱਚ ਫੈਡਰਲ ਬਣਾਇਆ ਜਾਵੇ ਤੇ ਇਸ ਦੀਆਂ ਸਾਰੀਆਂ ਰਿਆਸਤਾਂ ਦਾ ਕੇਂਦਰ ਵਿੱਚ ਬਰਾਬਰ ਦਾ ਅਧਿਕਾਰ ਤੇ ਨੁਮਾਇੰਦਗੀ ਹੋਵੇ। 3. ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਸਰਕਾਰ ਦੀ ਉਲੀਕੀ ਹੋਈ ਭਾਰਤ ਦੀ ਮੌਜੂਦਾ ਵਿਦੇਸ਼ੀ ਪਾਲਿਸੀ ਨੂੰ ਸਖਤ ਨਖਿਧ, ਨਿਕੰਮੀ ਅਤੇ ਦੇਸ਼ ਕੌਮ ਤੇ ਇਨਸਾਨੀਅਤ ਲਈ ਹਾਨੀਕਾਰਕ ਸਮਝਦਾ ਹੈ । ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਅਜਿਹੀ ਵਿਦੇਸ਼ੀ ਨੀਤੀ ਦੀ ਹਮਾਇਤ ਕਰੇਗਾ ਜੋ ਅਮਨ ਪਾਬੰਦੀ ਉੱਤੇ ਅਧਾਰਤ ਅਤੇ ਕੌਮੀ ਮੁਆਫ਼ ਦੇ ਅਨੁਕੂਲ ਹੋਵੇ ਅਤੇ ਖਾਸ ਕਰਕੇ ਭਾਰਤ ਦੇ ਸਾਰੇ ਗਵਾਂਢੀ ਦੇਸ਼ਾਂ ਵੱਲ ਤੇ ਸਿੱਖ ਵੱਸੋ ਵਾਲੇ ਤੇ ਸਿੱਖ ਗੁਰਧਾਮਾਂ ਵਾਲੇ ਦੇਸ਼ਾਂ ਵੱਲ ਪ੍ਰੇਮ ਤੇ ਸਦਭਾਵਨਾ ਵਾਲੀ ਹੋਵੇ । ਸ਼੍ਰੋਮਣੀ ਅਕਾਲੀ ਦਲ ਦੀ ਇਹ ਨੀਤੀ ਕਿ ਸਾਡੀ ਵਿਦੇਸ਼ੀ ਨੀਤੀ ਕਿਸੇ ਹੋਰ ਦੇਸ਼ ਦੀ ਨੀਤੀ ਨਾਲ ਗਲਜੋਟੀ ਹੋਈ ਨਾ ਹੋਵੇ । 4. ਕੇਂਦਰੀ ਤੇ ਸੂਬਾ ਸਰਕਾਰਾਂ ਦੇ ਸਾਰੇ ਸਿੱਖ ਤੇ ਹੋਰ ਮੁਲਾਜ਼ਮਾਂ ਨੂੰ ਹਰ ਇਨਸਾਫ਼ ਦਿਵਾਉਣਾ ਅਤੇ ਉਹਨਾਂ ਵਿਚੋਂ ਕਿਸੇ ਨਾਲ ਵੀ ਕੋਈ ਧੱਕਾ ਜਾਂ ਬੇਇਨਸਾਫੀ ਹੋਵੇ ਉਸ ਵਿਰੁੱਧ ਪੁਰ–ਅਸਰ ਆਵਾਜ਼ ਉਠਾਉਣਾ ਅਤੇ ਜੱਦੋ–ਜਹਿਦ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਦਾ ਇੱਕ ਖਾਸ ਅੰਗ ਹੈ । ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਮਹਿਕਮਾਂ ਡਿਫੈਂਸ ਦੀ ਹਰ ਬਾਹੀ ਵਿੱਚ ਸਿੰਘਾਂ ਦੀਆਂ ਰਿਵਾਇਤੀ ਪੋਜਿਸ਼ਨਾ ਕਾਇਮ ਰੱਖਣ ਲਈ ਯਤਨ ਕਰੇਗਾ ਅਤੇ ਯਤਨ ਕਰੇਗਾ ਕਿ ਫੌਜੀ ਸਿੰਘਾਂ ਦੀਆਂ ਲੋੜਾਂ ਪੰਥ ਦੇ ਵੱਧ ਤੋਂ ਵੱਧ ਧਿਆਨ ਵਿੱਚ ਰਹਿਣ । ਸ਼੍ਰੋਮਣੀ ਅਕਾਲੀ ਦਲ ਇਹ ਵੀ ਯਤਨ ਕਰੇਗਾ ਕਿ ਕਿਰਪਾਨ ਸਿੱਖ ਫੌਜੀਆਂ ਦੀ ਵਰਦੀ ਦਾ ਇੱਕ ਹਿੱਸਾ ਬਣ ਜਾਵੇ । 5. ਮਹਿਕਮਾ ਡਿਫੈਂਸ ਦੇ ਸਾਬਕਾ ਕਰਮਚਾਰੀਆਂ ਨੂੰ ਸਿਵਲ ਜਿੰਦਗੀ ਵਿੱਚ ਮੁੜ ਸ਼ਾਮਲ ਹੋਣ ਲਈ ਬੇਹਤਰ ਹਾਲਾਤ ਪੇਦਾ ਕਰਨੇ ਤੇ ਮਾਕੂਲ ਰਿਆਇਤਾਂ ਅਤੇ ਮੁਨਾਸਬ ਤੂਹੱਫਜਾਂਤ ਦਿਵਾਉਣ ਅਤੇ ਉਹਨਾਂ ਦੇ ਹੱਕ ਸਵੈ- ਸਤਿਕਾਰ ਅਤੇ ਸਵੈ – ਅਭਿਮਾਨ ਦੀ ਰਾਖੀ ਲਈ ਉਹਨਾਂ ਨੂੰ ਜਥੇਬੰਦ ਕਰਨਾ ਅਤੇ ਉਹਨਾਂ ਦੀ ਆਪਣੀ ਆਵਾਜ ਨੂੰ ਪੁਰ ਅਸਰ ਬਣਾਉਣ ਲਈ ਯਤਨ ਕਰਨਾ ਸ਼੍ਰੋਮਣੀ ਅਕਾਲੀ ਦਲ ਆਪਣਾ ਪਰਮ ਕਰਤੱਵ ਸਮਝਦਾ ਹੈ । 6. ਸ਼੍ਰੋਮਣੀ ਅਕਾਲੀ ਦਾ ਵਿਚਾਰ ਹੈ ਕਿ ਹਰ ਇਸਤਰੀ ਜਾਂ ਪੁਰਸ਼ ਲਈ ਜਿਸ ਨੂੰ ਕਿਸੇ ਇਖਲਾਖੀ ਜੁਰਮ ਵਿੱਚ ਅਦਾਲਤ ਵਲੋਂ ਕੋਈ ਸਜਾ ਨਾ ਦਿੱਤੀ ਗਈ ਹੋਵੇ ਛੋਟੇ ਸ਼ਸਤਰ ਰਿਵਾਲਵਰ ਬੰਦੂਕ ਤਥਾ ਪਿਸਤੌਲ ਰਾਇਫਲ ਤੇ ਕਾਰਬਾਇਨ ਤੇ (ਸਮਾਲ ਆਰਮਜ਼) ਆਦਿ ਰੱਖਣ ਦੀ ਪੂਰੀ ਖੁੱਲ ਹੋਵੇ ਤੇ ਕੋਈ ਲਾਇਸੰਸ ਲੈਣ ਦੀ ਲੋੜ ਨਾ ਹੋਵੇ ਕੇਵਲ ਰਜਿਸਟਰੇਸ਼ਨ ਕਾਫੀ ਸਮਝੀ ਜਾਵੇ । 7. ਸ਼੍ਰੋਮਣੀ ਅਕਾਲੀ ਦਲ ਸ਼ਰਾਬ ਤੇ ਹੋਰ ਨਸ਼ਿਆਂ ਦੀ ਮਨਾਹੀ ਚਾਹੁੰਦਾ ਹੈ ਅਤੇ ਪਬਲਿਕ ਥਾਵਾਂ ਤੇ ਨਸ਼ਿਆਂ ਦੀ ਵਰਤੋਂ ਤੇ ਤੰਬਾਕੂ ਪੀਣ ਦੀ ਮਨਾਹੀ ਦਾ ਮੁੱਦਈ ਹੈ ਅਤੇ ਇਸ ਤੇ ਪਾਬੰਦੀ ਲਈ ਯਤਨ ਕਰੇਗਾ । (ਬਾਕੀ ਭਲਕੇ ਦੇ ਅੰਕ ’ਚ) -ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ।

ਿਸੱਖ ਸਘੰਰਸ਼ ਤੋ ਕੋਪੀ ਧੰਨਵਾਦ ਸਾਹਿਤ



Comments