ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ -#ਅੱਜ_ਦੇ_ਦਿਨ (21 ਜਨਵਰੀ 1846) ਬੱਦੋਵਾਲ ਦੀ ਲੜਾਈ'ਚ ਸਿੱਖਾਂ ਦੀ #ਜਿੱਤ ਹੋਈ
- Admin
- Jan 21, 2018
- 3 min read


ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ - #ਅੱਜ_ਦੇ_ਦਿਨ (21 ਜਨਵਰੀ 1846) ਬੱਦੋਵਾਲ ਦੀ ਲੜਾਈ'ਚ ਸਿੱਖਾਂ ਦੀ #ਜਿੱਤ ਹੋਈ ਅਤੇ ਅੰਗਰੇਜ਼ ਮੈਦਾਨ ਛੱਡ ਕੇ ਭੱਜੇ ਫੇਰੂ ਸ਼ਹਿਰ ਦੇ ਮੈਦਾਨ'ਚੋਂ ਲਗਭਗ ਜਿੱਤੀ ਹੋਈ ਜੰਗ'ਚੋਂ ਖਾਲਸਾ ਫੌਜ ਨੂੰ ਲਾਲ ਸਿੰਘ ਡੋਗਰਾ ਅਤੇ ਤੇਜਾ ਸਿੰਘ ਡੋਗਰਾ ਪਿੱਛੇ ਹਟਾ ਕੇ ਦਰਿਆਂ ਤੋਂ ਪਾਰ ਫ਼ਤਿਹਗੜ ਸਭਰਾਵਾਂ ਦੇ ਮੈਦਾਨ'ਚ ਲੈ ਗਏ ਅਤੇ ਫੇਰੂ ਸ਼ਹਿਰ ਦੇ ਮੈਦਾਨ ਵੱਢੀ-ਟੁੱਕੀ ਖਿਲਰੀ ਪਈ ਅੰਗਰੇਜ਼ ਫੌਜ ਨੇ ਜਿੱਤ ਦਾ ਐਲਾਨ ਕੀਤਾ। ਉਸ ਸਮੇਂ ਰਣਜੌਧ ਸਿੰਘ ਮਜੀਠੀਆ ਦਸ ਕੁ ਹਜ਼ਾਰ ਖਾਲਸਾ ਫੌਜ ਸਮੇਤ ਫਿਲੌਰ ਦੇ ਕਿਲ੍ਹੇ'ਚ ਬੈਠਾ ਸੀ ਜਿਸ ਨੂੰ ਲਾਲ ਸਿੰਘ ਡੋਗਰੇ ਨੇ ਫਿਰੋਜ਼ਪੁਰ ਵੱਲ ਆਉਣ ਤੋਂ ਰੋਕੀ ਰੱਖਿਆ।

ਮੁੱਦਕੀ ਅਤੇ ਫੇਰੂ ਸ਼ਹਿਰ ਦੀ ਲੜਾਈ ਤੋਂ ਬਾਅਦ ਅੰਗਰੇਜ਼ ਫੌਜ ਥੱਕੀ ਹਾਰੀ ਬੈਠੀ ਸੀ ਅਤੇ ਉਹਨਾਂ ਕੋਲ ਅਸਲਾ ਬਾਰੂਦ ਮੁੱਕ ਚੁੱਕਾ ਸੀ। ਉਹਨਾਂ ਨੇ ਆਪਣੀ ਨੀਤੀ ਤਹਿਤ ਡੋਗਰਿਆਂ ਨੂੰ ਖਾਲਸਾ ਫੌਜ ਨੂੰ ਪਿੱਛੋਂ ਅਸਲਾ ਬਾਰੂਦ ਆਉਣ ਤੱਕ ਰੋਕ ਕੇ ਰੱਖਣ ਲਈ ਕਿਹਾ ਪਰ ਰਣਜੋਧ ਸਿੰਘ ਮਜੀਠੀਏ ਅਤੇ ਅਜੀਤ ਸਿੰਘ ਲਾਡਵਾ ਨੇ ਅੱਠ ਹਜ਼ਾਰ ਫੌਜ ਅਤੇ 70 ਤੋਪਾਂ ਨਾਲ ਸਤਲੁਜ ਦਰਿਆਂ ਪਾਰ ਕਰਕੇ 17 ਜਨਵਰੀ ਨੂੰ ਲੁਧਿਆਣੇ ਤੇ ਕਬਜ਼ਾ ਕਰ ਲਿਆ। ਇਸ ਹੱਲੇ'ਚ ਖਾਲਸਾ ਫੌਜ ਨੇ ਅੰਜਰੇਜ਼ਾਂ ਦੀਆਂ ਬਾਰਕਾਂ ਫੂਕ ਦਿੱਤੀਆਂ ਅਤੇ ਅੰਗਰੇਜ਼ ਮੈਦਾਨ ਛੱਡ ਕੇ ਭੱਜ ਗਏ। 17 ਜਨਵਰੀ ਨੂੰ ਹੀ ਗਵਰਨਰ ਜਨਰਲ ਨੇ ਜਨਰਲ ਹੈਰੀ ਸਮਿੱਥ ਨੂੰ ਰਣਜੋਧ ਸਿੰਘ ਦਾ ਮੁਕਾਬਲਾ ਕਰਨ ਲਈ ਪੈਦਲ ਰਸਾਲੇ, ਘੋੜਸਵਾਰ ਫੌਜ ਅਤੇ ਤੋਪਾਂ ਦੇ ਕੇ ਲੁਧਿਆਣੇ ਵੱਲ ਭੇਜਿਆ ਪਰ ਉਸ ਨੂੰ ਫਿਰੋਜ਼ਪੁਰ ਤੋਂ ਜਗਰਾਉ ਤੱਕ ਪਹੁੰਚਦੇ ਹੀ ਚਾਰ ਦਿਨ ਲੱਗ ਗਏ ਅਤੇ ਉਹ ਪਿੱਛੋਂ ਹੋਰ ਫੌਜ ਭੇਜਣ ਲਈ ਸੁਨੇਹੇ ਭੇਜਦਾ ਰਿਹਾ। ਇਸ ਗੱਲ ਤੋਂ ਅੰਗਰੇਜ਼ ਦੇ ਡਿੱਗੇ ਹੋਏ ਹੌਸਲੇ ਦਾ ਸਾਫ਼ ਪਤਾ ਚੱਲਦਾ ਹੈ। 20 ਤਰੀਕ ਨੂੰ ਗੱਫ਼ ਨੇ ਜਗਰਾਓ'ਚ ਹੈਰੀ ਸਮਿੱਥ ਨੂੰ ਹੋਰ ਫੌਜ ਅਤੇ ਤੋਪਾਂ ਭੇਜੀਆਂ, ਅਤੇ ਹਦਾਇਤ ਦਿੱਤੀ ਕਿ ਆਪਣਾ ਰਸਤਾ ਥੋੜਾ ਦੱਖਣ ਵਾਲੇ ਪਾਸੇ ਨੂੰ ਬਦਲ ਕੇ ਕਰਨਲ ਗੌਡਬੇਅ ਨੂੰ ਲੁਧਿਆਣੇ ਮਿਲੇ ਜਿਸ ਕੋਲ ਦੋ ਗੋਰਖਾ ਰੈਜੀਮੈਟਾਂ ਸਮੇਤ ਚਾਰ ਭਾਰਤੀ ਰੈਜੀਮੈਟਾਂ ਸਨ ਅਤੇ ਚਾਰ ਹੋਰ ਤੋਪਾਂ ਵੀ ਸਨ। ਸਰ ਜਨਰਲ ਹੈਰੀ ਸਮਿੱਥ ਨੇ ਕਰਨਲ ਗੌਡਬੇਅ ਨੂੰ ਸੁਨੇਹਾ ਭੇਜਿਆ ਕਿ ਉਹ ਸਿੱਖਾਂ'ਤੇ ਹਮਲਾ ਕਰਨ ਲਈ ਉਸ ਨੂੰ ਸੁਨੇਤ ਪਿੰਡ ਵਿਖੇ ਮਿਲੇ। 21 ਜਨਵਰੀ 1846 ਦੀ ਤੜਕਸਾਰ ਹੈਰੀ ਸਮਿੱਥ ਫੌਜ ਸਮੇਤ ਜਗਰਾਓ ਤੋਂ ਸੁਨੇਤ (ਲੁਧਿਆਣੇ) ਵੱਲ ਤੁਰ ਪਿਆ ਪਰ ਸਿੱਖਾਂ ਨੇ ਰਣਜੋਧ ਸਿੰਘ ਅਤੇ ਅਜੀਤ ਸਿੰਘ ਲਾਡਵਾ ਦੀ ਅਗਵਾਈ'ਚ ਬੱਦੋਵਾਲ ਵਿਖੇ ਹੈਰੀ ਸਮਿੱਥ ਦੀ ਫੌਜ ਨੂੰ ਘੇਰ ਲਿਆ। ਹੈਰੀ ਸਮਿੱਥ ਕਰਨਲ ਗੌਡਬੇਅ ਦੀ ਮੱਦਦ ਤੋਂ ਬਿਨਾਂ ਸਿੱਖਾਂ ਖਿਲਾਫ਼ ਲੜਨਾ ਨਹੀੰ ਸੀ ਚਾਹੁੰਦਾ ਅਤੇ ਉਸ ਨੇ ਰਸਤਾ ਬਦਲ ਕੇ ਭੱਜਣਾ ਚਾਹਿਆ ਪਰ ਸਿੱਖਾਂ ਨੇ ਭੱਜਣ ਨਾ ਦਿੱਤਾ। 21 ਜਨਵਰੀ ਦੀ ਸਵੇਰ ਬੱਦੋਵਾਲ ਵਿਖੇ ਰਣਜੋਧ ਸਿੰਘ ਅਤੇ ਹੈਰੀ ਸਮਿੱਥ ਦੀਆਂ ਫੌਜਾਂ ਵਿਚਕਾਰ ਲੜਾਈ ਹੋਈ। ਥੱਕੀ-ਟੁੱਟੀ ਅੰਗਰੇਜ਼ ਫੌਜ ਸਿੱਖਾਂ ਸਾਹਮਣੇ ਬਹੁਤ ਸਮਾਂ ਖੜ ਨਾ ਸਕੀ ਅਤੇ ਥੋੜੇ ਟਾਕਰੇ ਪਿੱਛੋਂ ਹੀ ਮੈਦਾਨ ਛੱਡ ਕੇ ਲੁਧਿਆਣੇ ਵੱਲ ਭੱਜ ਗਈ। ਇਸ ਲੜਾਈ'ਚ ਅੰਗਰੇਜ਼ਾਂ ਦੇ 69 ਫੌਜੀ ਮਾਰੇ ਗਏ, 64 ਫੱਟੜ ਹੋਏ ਅਤੇ 77 ਫੌਜੀ ਗੁੰਮ ਹੋ ਗਏ ਅਤੇ ਕਾਫ਼ੀ ਅੰਗਰੇਜ਼ ਫੌਜੀ ਸਿੱਖਾਂ ਨੇ ਬੰਦੀ ਬਣਾ ਕੇ ਲਾਹੌਰ ਭੇਜ ਦਿੱਤੇ। ਸਿੱਖਾਂ ਨੇ ਹੈਰੀ ਸਮਿੱਥ ਤੋਂ ਕੁਝ ਅਸਲੇ ਵਾਲੀਆਂ ਬੋਘੀਆਂ ਵੀ ਖੋਹ ਲਈਆਂ ਸਨ। ਭੱਜਦੀ ਹੋਈ ਪੈਦਲ ਅੰਗਰੇਜ਼ ਫੌਜ ਘੋੜ-ਸਵਾਰਾਂ ਨਾਲ ਦੋ-ਦੋ ਤਿੰਨ-ਤਿੰਨ ਫੌਜੀ ਇੱਕ ਘੋੜੇ'ਤੇ ਸਵਾਰ ਹੋ ਕੇ ਜਾਨਾਂ ਬਚਾ ਕੇ ਭੱਜੇ। ਇਸ ਲੜਾਈ'ਚ ਆਲੇ-ਦੁਆਲੇ ਦੇ ਪਿੰਡਾਂ ਦੇ ਕੁਝ ਲੋਕਾਂ ਨੇ ਸਿੱਖਾਂ ਦੀ ਮੱਦਦ ਕੀਤੀ ਜਿਨਾਂ ਤੋਂ ਅੰਗਰੇਜ਼ਾਂ ਨੇ ਬਾਅਦ'ਚ ਸਖ਼ਤ ਸਜਾਵਾਂ ਦਿੱਤੀਆਂ। ਭਾਵੇਂ ਇਹ ਲੜਾਈ ਮੁੱਦਕੀ ਅਤੇ ਫੇਰੂ ਸ਼ਹਿਰ ਦੀਆਂ ਲੜਾਈਆਂ ਵਰਗੀ ਵੱਡੀ ਅਤੇ ਖ਼ਤਰਨਾਕ ਲੜਾਈ ਨਹੀੰ ਸੀ ਪਰ ਇਸ ਲੜਾਈ'ਚ ਜਿੱਤ ਨੇ ਅੰਗਰੇਜ਼ਾਂ ਦੀ ਘਬਰਾਹਟ ਹੋਰ ਵਧਾ ਦਿੱਤੀ। ਇਹ ਇਸ ਗੱਲ ਦੀ ਗਵਾਹੀ ਹੈ ਕਿ ਗਵਰਨਰ ਜਨਰਲ ਨੇ ਸਿੱਖ ਫੌਜੀਆਂ ਨੂੰ ਖਾਲਸਾ ਫੌਜ ਛੱਡ ਦੇਣ ਦੀ ਸੂਰਤ'ਚ ਇਨਾਮ ਦੇਣ ਅਤੇ ਅੰਗਰੇਜ਼ ਫੌਜ'ਚ ਭਰਤੀ ਦੀ ਪੇਸ਼ਕਸ ਕੀਤੀ। ਕਨਿੰਘਮ ਅਤੇ ਮੇਜਰ ਕਾਰਮਿਸ਼ਲ ਸਮਿੱਥ ਵਰਗੇ ਲਿਖਦੇ ਹਨ ਕਿ ਜੇਕਰ ਇਸ ਲੜਾਈ ਤੋੰ ਬਾਅਦ ਰਣਜੋਧ ਸਿੰਘ ਬੱਦੋਵਾਲ ਅਤੇ ਆਸਪਾਸ ਸਮਾਂ ਖ਼ਰਾਬ ਕਰਨ ਦੀ ਥਾਂ ਦਿੱਲੀ ਵੱਲ ਚੜਾਈ ਕਰਦਾ ਅਤੇ ਅੰਗਰੇਜ਼ ਫੌਜ ਨੂੰ ਦਿੱਲੀ'ਤੋਂ ਆ ਰਹੀ ਮੱਦਦ ਲੁੱਟ ਲੈਂਦਾ ਤਾਂ ਜੰਗ ਦਾ ਪਾਸਾ ਪਲਟ ਸਕਦਾ ਸੀ; ਉਹ ਇਸ ਮੌਕੇ ਨੂੰ ਸੁਨੈਹਿਰੀ ਮੌਕਾ (golden chance) ਲਿਖਦੇ ਹਨ ਜਿਹੜਾ ਕਿ ਸਿੱਖਾਂ ਨੇ ਮੁਫ਼ਤ'ਚ ਗਵਾ ਲਿਆ।

(ਹਿੰਦ-ਪੰਜਾਬ ਦੀ ਜੰਗ'ਚ ਅੱਗੇ ਕੀ ਹੋਇਆ ਆਉਣ ਵਾਲੇ ਦਿਨਾਂ'ਚ ਲਿਖਦੇ ਰਹਾਂਗੇ) _✍#ਸਤਵੰਤ_ਸਿੰਘ_ਗਰੇਵਾਲ
Comments