ਕੈਨੇਡਾ 'ਚ ਰਿਸ਼ਤੇ ਹੋਏ ਤਾਰ-ਤਾਰ, ਪੰਜਾਬੀ ਨੇ ਹੱਥੀਂ ਉਜਾੜੀਆਂ ਖੁਸ਼ੀਆਂ
- Admin
- Jan 22, 2018
- 1 min read

ਸਰੀ— ਕੈਨੇਡਾ ਦੇ ਸ਼ਹਿਰ ਸਰੀ 'ਚ ਰਹਿਣ ਵਾਲੇ ਪੰਜਾਬੀ ਵਿਅਕਤੀ ਸੁਖਵੀਰ ਸਿੰਘ ਬਦੇਸ਼ਾ ਨੂੰ ਆਪਣੀ ਮਾਂ ਦਾ ਕਤਲ ਕਰਨ ਅਤੇ ਪਤਨੀ ਨੂੰ ਕੁੱਟਣ ਦੇ ਦੋਸ਼ 'ਚ ਸਾਢੇ 11 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਕੈਨੇਡਾ 'ਚ ਰਿਸ਼ਤੇ ਤਾਰ-ਤਾਰ ਹੋਣ ਦੀ ਇਹ ਘਟਨਾ 20 ਮਾਰਚ, 2016 'ਚ ਵਾਪਰੀ ਸੀ ਤੇ ਹੁਣ ਦੋਸ਼ੀ ਨੂੰ ਸਜ਼ਾ ਸੁਣਾਈ ਗਈ ਹੈ।
ਸੂਤਰਾਂ ਮੁਤਾਬਕ ਸੁਖਵੀਰ ਨੇ ਆਪਣੀ ਮਾਂ ਦਰਸ਼ਨ ਬਦੇਸ਼ਾ ਨੂੰ ਲੱਤਾਂ ਅਤੇ ਹੱਥਾਂ ਨਾਲ ਕੁੱਟ-ਕੁੱਟ ਕੇ ਮੌਤ ਦੇ ਹਵਾਲੇ ਕਰ ਦਿੱਤਾ ਸੀ ਅਤੇ ਆਪਣੀ ਪਤਨੀ ਪ੍ਰਿਤਪਾਲ ਬਦੇਸ਼ਾ ਨੂੰ ਕੰਪਿਊਟਰ ਦੀ ਤਾਰ ਨਾਲ ਬੰਨ੍ਹ ਕੇ ਕੁੱਟਿਆ ਸੀ। ਪਿਛਲੇ ਹਫਤੇ ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਅਦਾਲਤ ਅਲੈਗਜ਼ੈਂਡਰ ਵੋਲਫ ਨੇ ਸੁਖਵੀਰ ਨੂੰ ਸਾਢੇ 11 ਸਾਲਾਂ ਦੀ ਸਜ਼ਾ ਸੁਣਾਈ। ਸੁਖਵੀਰ ਨੂੰ ਆਪਣੀ ਮਾਂ ਦਾ ਕਤਲ ਕਰਨ ਦੇ ਦੋਸ਼ 'ਚ 10 ਸਾਲਾਂ ਦੀ ਅਤੇ ਪਤਨੀ ਨੂੰ ਕੁੱਟਣ ਦੇ ਦੋਸ਼ 'ਚ ਡੇਢ ਸਾਲ ਦੀ ਸਜ਼ਾ ਸੁਣਾਈ ਗਈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਉਸ ਨੇ ਜੋ ਜ਼ੁਰਮ ਕੀਤਾ ਹੈ, ਉਸ ਨੂੰ ਉਸ ਦੀ ਸਜ਼ਾ ਭੁਗਤਣੀ ਹੀ ਪਵੇਗੀ।

ਸੁਖਵੀਰ ਦਾ ਵਿਆਹ ਭਾਰਤ 'ਚ ਹੋਇਆ ਸੀ ਅਤੇ 2006 'ਚ ਉਹ ਆਪਣੀ ਪਤਨੀ ਪ੍ਰਿਤਪਾਲ ਨਾਲ ਕੈਨੇਡਾ ਆਇਆ। ਉਸ ਦੀ ਮਾਂ ਪਰਿਵਾਰ ਨਾਲ ਰਹਿਣ ਦੇ ਚਾਅ 'ਚ ਕੈਨੇਡਾ ਆਈ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਇਕ ਸਾਲ ਬਾਅਦ ਉਸ ਦਾ ਪੁੱਤ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਜਾਂਚ ਮਗਰੋਂ ਪਤਾ ਲੱਗਾ ਕਿ ਸੁਖਵੀਰ ਨੇ ਆਪਣੀ ਮਾਂ ਅਤੇ ਪਤਨੀ 'ਤੇ ਤਸ਼ੱਦਦ ਢਾਹੁਣ ਤੋਂ 4 ਦਿਨ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਕਤਲ ਕਰਨ ਸਮੇਂ ਵੀ ਉਹ ਸ਼ਰਾਬ ਦੇ ਨਸ਼ੇ 'ਚ ਟੱਲੀ ਸੀ।

Comments