#ਕੱਥੂਨੰਗਲ_- ਮੇਰੀ ਜਿੰਦਗੀ ਦੇ ਸਭ ਤੋਂ ਅਹਿਮ ਪਲ – ✍#ਸਿਮਰਨਜੀਤ_ਸਿੰਘ_ਮਾਨ
- Admin
- Jan 24, 2018
- 9 min read

ਕੱਥੂਨੰਗਲ ਬਾਦਲ ਚੌਟਾਲਿਆਂ ਤੇ ਅਾਰ ਅੈਸ ਅੈਸ ਦੇ ਗੁੰਡਿਆਂ ਨਾਲ ਮੁਕਾਬਲਾ #ਕੱਥੂਨੰਗਲ_- ਮੇਰੀ ਜਿੰਦਗੀ ਦੇ ਸਭ ਤੋਂ ਅਹਿਮ ਪਲ – ✍#ਸਿਮਰਨਜੀਤ_ਸਿੰਘ_ਮਾਨ ਜਿਸ ਦਿਨ ਕੱਥੂਨੰਗਲ ਵਾਲੀ ਘਟਨਾ ਵਾਪਰੀ, ਉਸ ਸਵੇਰ ਮੈਂ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਠਹਿਰਿਆ ਹੋਇਆ ਸੀ। ਸਵੇਰੇ ਤੜਕੇ ਹੀ ਮੈਨੂੰ ਮਜੀਠਾ ਪੁਲਿਸ ਜਿਲੇ ਦਾ ਐਸ ਪੀ ਮਿਲਣ ਆਇਆ ਤੇ ਉਸ ਨੇ ਮੈਂਨੂੰ ਕਿਹਾ ਕਿ ਤੁਹਾਨੂੰ ਪ੍ਰੋਗਰਾਮ ਵਿਚ ਨਹੀਂ ਜਾਣਾ ਚਾਹੀਦਾ ਕਿਉਂ ਜੋ ਬਾਦਲਕਿਆਂ ਨੇ ਪੰਡਾਲ ਦੀ ਬੜੀ ਜ਼ਬਰਦਸਤ ਘੇਰਾਬੰਦੀ ਕੀਤੀ ਹੋਈ ਹੈ ਤੇ ਉਨ੍ਹਾਂ ਕੋਲ ਕਾਫੀ ਮਾਤਰਾ ਵਿਚ ਇੱਟਾਂ, ਪੱਥਰ, ਲਾਠੀਆਂ, ਅਤੇ ਅਗਨ-ਸ਼ਸਤਰ ਹਨ। ਮੈਂ ਉਸ ਨੂੰ ਕਿਹਾ ਕਿ ਸਰਕਾਰ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਅਤੇ ਸਾਨੂੰ ਪ੍ਰੋਗਰਾਮ ਦੀ ਮੁੱਖ ਥਾਂ ਉੱਥੇ ਸਤਿਕਾਰ ਭੇਂਟ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ। ਇਹ ਕੋਈ ਔਖਾ ਕੰਮ ਨਹੀਂ, ਜੇਕਰ ਉਸ ਦਾ ਸੀਨੀਅਰ ਪੁਲਿਸ ਅਫਸਰ ਆਪਣੀ ਪੁਲਿਸ ਪਾਰਟੀ ਲਿਜਾ ਕੇ ਬਾਦਲਕਿਆਂ ਦੇ ਹਥਿਆਰ ਲੈ ਲਵੇ ਤਾਂ ਜੋ ਅਸੀਂ ਆਜ਼ਾਦੀ ਨਾਲ ਆਪਣੇ ਧਾਰਮਿਕ ਤੇ ਸੰਵਿਧਾਨਕ ਹੱਕ ਦੀ ਵਰਤੋਂ ਕਰ ਸਕੀਏ। ਮੈਂ ਅੱਗੇ ਕਿਹਾ ਕਿ ਭਾਵੇਂ ਕੁੱਝ ਵੀ ਹੋਵੇ ਅਸੀਂ ਪੂਰੀ ਤਰ੍ਹਾਂ ਸ਼ਾਂਤਮਈ ਰਹਿ ਕੇ ਬਿਨਾ ਹਥਿਆਰਾਂ ਤੋਂ ਬਾਬਾ ਬੁੱਢਾ ਜੀ ਦੇ ਪ੍ਰੋਗਰਾਮ ਵਿਚ ਜਾਂਵਾਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਡੇ ਬਜ਼ੁਰਗ ਅੰਗਰੇਜਾਂ ਵੱਲੋਂ ਗੁਰਦੁਆਰਿਆਂ ਉਪਰ ਕਾਬਜ਼ ਮਹੰਤਾਂ ਤੋਂ ਗੁਰਦੁਆਰੇ ਛੁਡਵਾਉਣ ਵੇਲੇ ਜਾਇਆ ਕਰਦੇ ਸਨ। ਉਹ ਇਹ ਕਹਿ ਕੇ ਚਲਾ ਗਿਆ ਕਿ ਉਹ ਆਪਣੇ ਸੀਨੀਅਰ ਅਫਸਰ ਐਸ ਐਸ ਪੀ ਮਜੀਠਾ ਨੂੰ ਮੇਰਾ ਸੁਨੇਹਾ ਪਹੁੰਚਾ ਦੇਵੇਗਾ, ਉਹੀ ਅਫਸਰ ਜੋ ਕਿ ਉਸ ਦਿਨ ਕੱਥੂਨੰਗਲ ਵਿਚ ਕਾਨੂੰਨ ਅਤੇ ਅਮਨ ਵਿਵਸਥਾ ਬਣਾਈ ਰੱਖਣ ਲਈ ਮੁੱਖ ਜਿੰਮੇਵਾਰ ਅਫਸਰ ਸੀ। ਫਿਰ ਅਸੀਂ ਇੱਕ ਗੱਡੀ ਵਿਚ ਬੈਠ ਕੇ ਅੰਮ੍ਰਿਤਸਰ ਤੋਂ ਕੱਥੂਨੰਗਲ ਵੱਲ ਚੱਲ ਪਏ। ਰਸਤੇ ਵਿਚ ਘੱਟੋ-ਘੱਟ ਤਿੰਨ ਪੁਲਿਸ ਨਾਕਿਆਂ ਨੂੰ ਅਸੀਂ ਪਾਰ ਕੀਤਾ ਅਤੇ ਹਰ ਵਾਰੀ ਸਾਡੀਆਂ ਗੱਡੀਆਂ ਨੂੰ ਕ੍ਰਿਪਾਂਨਾਂ ਤੇ ਅਗਨੀ-ਸ਼ਸਤਰਾਂ ਦੀ ਭਾਲ ਵਿੱਚ ਚੈੱਕ ਕੀਤਾ ਗਿਆ ਕਿਉਂਕਿ ਸਾਡਾ ਤਾਂ ਇਰਾਦਾ ਹੀ ਇਹ ਸੀ ਕਿ ਅਸੀਂ ਸ਼ਾਂਤਮਈ ਢੰਗ ਨਾਲ ਸ਼ਮੂਲੀਅਤ ਕਰਨੀ ਹੈ, ਪੁਲਿਸ ਨੂੰ ਸਾਡੇ ਕੋਲੋ ਕੁੱਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਤੇ ਪੁਲਿਸ ਨੇ ਸਾਨੂੰ ਕੱਥੂਨੰਗਲ ਵੱਲ ਜਾਣ ਦਿੱਤਾ। ਉੱਥੇ ਕਸਬੇ ਦੇ ਬਾਹਰ ਸਾਡੀ ਪਾਰਟੀ ਦੇ ਲੱਗਭੱਗ ਹਜਾਰ ਕੁ ਵਰਕਰ ਮੇਰਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਸਾਰਿਆਂ ਨੂੰ ਬੇਅੰਤ ਉਤਸ਼ਾਹ ਚੜਿਆ ਹੋਇਆ ਸੀ ਕਿ ਉਹ ਇਕ ਇਤਿਹਾਸਕ ਸ਼ਤਾਬਦੀ ਵਿਚ ਸ਼ਾਮਲ ਹੋਣ ਜਾ ਰਹੇ ਹਨ ਤੇ ਇਹ ਜੋਸ਼ ਹੋਰ ਵੀ ਵਧੇਰੇ ਇਸ ਕਰਕੇ ਸੀ ਕਿਉਂਕਿ ਉਹ ਬਾਦਲ ਵੱਲੋਂ ਸਾਡੀ ਅਕਾਲੀ ਪਾਰਟੀ ਦੇ ਵਰਕਰਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਣ ਦੇਣ ਦੇ ਹੁਕਮਾਂ ਨੂੰ ਤੋੜ ਰਹੇ ਸਨ। ਇਹ ਯਕੀਨੀ ਬਣਾਉਣ ਲਈ ਕਿ ਸਾਰੇ ਪਾਰਟੀ ਵਰਕਰਾਂ ਨੂੰ ਸਪੱਸ਼ਟ ਹੋਵੇ ਕਿ ਇਸ ਇਤਹਾਸਕ ਮੌਕੇ ਦੀ ਪਵਿਤਰਤਤਾ ਬਰਕਰਾਰ ਰੱਖਣੀ ਹੈ, ਮੈਂ ਲਾਊਡ ਸਪੀਕਰ ਤੋਂ ਤਕਰੀਰ ਕੀਤੀ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਾਦਲ ਦੇ ‘ਇਲਾਹੀ ਹੁਕਮ’ ਨੂੰ ਤੋੜਨ ਵਾਲਾ ਸਾਡਾ ਇਹ ਮਾਰਚ ਪੂਰੀ ਤਰ੍ਹਾਂ ਅਮਨ-ਅਮਾਨ ਵਾਲਾ ਤੇ ਸ਼ਾਂਤਮਈ ਹੋਵੇ। ਮੈਂ ਆਪਣੇ ਦਿਲ ਵਿਚ ਇਹ ਕਸਮ ਖਾਧੀ ਕਿ ਇਸ ਸਾਂਤਮਈ ਮਾਰਚ ਵਿਚੋਂ ਪਿੱਛੇ ਹਟਣ ਦੀ ਬਜਾਇ ਮੈਂ ਮੌਤ ਨੂੰ ਤੇ ਬਾਦਲ ਦੇ ਗੁੰਡਿਆਂ ਦੀਆਂ ਡਾਂਗਾਂ ਖਾਣ ਨੂੰ ਤਰਜੀਹ ਦਿਆਂਗਾ। ਕੱਥੂਨੰਗਲ ਵਿਚ ਉਹ ਸਾਰੀ ਕੁੱਟਮਾਰ, ਜਿਸ ਦਾ ਸਾਨੂੰ ਸਾਹਮਣਾ ਕਰਨਾ ਪਿਆ, ਸਹਿਣ ਕਰਨ ਤੋਂ ਬਾਅਦ ਮੈਨੂੰ ਇਹ ਤਜ਼ਰਬਾ ਹੋਇਆ ਕਿ ਸ਼ਾਂਤਮਈ ਮੋਰਚਾ ਲਾਉਣ ਦਾ ਹਥਿਆਰ ਕਮਜ਼ੋਰ ਜਾਂ ਕਾਇਰ ਲੋਕਾਂ ਦਾ ਨਹੀਂ ਸਗੋਂ ਬਹਾਦਰ ਤੇ ਨਿਡਰ ਪਰਵਾਨਿਆਂ ਦਾ ਹੈ। ਉਹ ਮਹਾਨ ਸਿੱਖ, ਜਿਨ੍ਹਾਂ ਗੁਰਦੁਆਰਾ ਲਹਿਰ ਦੇ ਦੌਰਾਨ ਇਸ ਹਥਿਆਰ ਦੀ ਵਰਤੋਂ ਕੀਤੀ ਸੀ, ਨੇ ਵੀ ਜ਼ਰੂਰ ਇਹੋ ਸਿੱਟਾ ਕੱਢਿਆ ਹੋਵੇਗਾ।

ਕੱਥੂਨੰਗਲ ਵਿਚ ਸਾਡਾ ਸ਼ਾਂਤਮਈ ਮਾਰਚ ਮੇਰੀ ਅਗਵਾਈ ਵਿਚ ਚੱਲ ਰਿਹਾ ਸੀ ਪਰ ਸਾਡੀਆਂ ਨਿਰਭੈਅ ਬੀਬੀਆਂ ਮਰਦਾਂ ਤੋਂ ਵੀ ਅੱਗੇ ਹੋਣ ਦੇ ਯਤਨ ਵਿਚ ਸਨ। ਉਨ੍ਹਾਂ ਨੂੰ ਅਸੀਂ ਆਪ ਬਰਾਬਰ ਲਾਈਨ ਵਿਚ ਲਿਆਉਂਦਾ। ਜਿਸ ਰਸਤੇ ਰਾਹੀਂ ਅਸੀਂ ਪੰਡਾਲ ਵਿਚ ਜਾਣਾ ਚਾਹੁੰਦੇ ਸਾਂ, ਨੂੰ ਪੁਲਿਸ ਦੀ ਇਕ ਟੁੱਕੜੀ ਨੇ ਰੋਕਿਆ ਹੋਇਆ ਸੀ ਤੇ ਇਸ ਪੁਲਿਸ ਪਾਰਟੀ ਦੀ ਅਗਵਾਈ ਇਕ ਡੀ.ਐਸ.ਪੀ ਕਰ ਰਿਹਾ ਸੀ। ਉਸ ਨੇ ਸਾਨੂੰ ਮੁੱਖ ਰਸਤੇ ਰਾਹੀਂ ਪੰਡਾਲ ਵੱਲ ਜਾਣ ਨੂੰ ਕਿਹਾ। ਉਸ ਅਫਸਰ ਵੱਲੋਂ ਅਜਿਹੀ ਹਦਾਇਤ ਕਰਨ ਤੇ ਮੈਨੂੰ ਸ਼ੱਕ ਹੋਇਆ ਤੇ ਮੈਂ ਉਸ ਨੂੰ ਇਸ ਸਬੰਧੀ ਕਹਿ ਵੀ ਦਿੱਤਾ। ਪਰ ਫਿਰ ਮੈਂ ਕਿਹਾ ਕਿ ਕਿਉਂਕਿ ਇਹ ਪੁਲਿਸ ਵੱਲੋਂ ਦਿੱਤੀ ਗਈ ਹਦਾਇਤ ਹੈ, ਇਸ ਲਈ ਅਸੀਂ ਉਸੇ ਰਸਤੇ ਵੱਲੋਂ ਜਾਵਾਂਗੇ, ਜਿਸ ਰਾਹੀਂ ਉਹ ਚਾਹੁੰਦੇ ਹਨ। ਅਸੀਂ ਲੱਗਭੱਗ ਇਕ ਹਜ਼ਾਰ ਪਾਰਟੀ ਵਰਕਰ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦਿਆਂ ਵੱਡੀ ਭੀੜ ਵਿਚ ਦੀ ਲੰਘਦੇ ਹੋਏ ਅੱਗੇ ਵਧ ਰਹੇ ਸਾਂ। ਜਿਵੇਂ ਹੀ ਅਸੀਂ ਪੰਡਾਲ ਵਾਲੀ ਥਾਂ ਤੇ ਪੁੱਜੇ ਅਸੀਂ ਉੱਥੇ ਬਾਦਲ ਦਲ ਦੇ ਲੀਡਰਾਂ ਦੇ ਚੰਗੇ ਮੋਟੇ-ਤਾਜੇ ਲੜਕਿਆਂ ਨੂੰ ਵੇਖਿਆ। ਮੈਂ ਬਿਕਰਮਜੀਤ ਸਿੰਘ ਮਜੀਠੀਆ, ਰਤਨ ਸਿੰਘ ਅਜਨਾਲਾ ਦੇ ਮੁੰਡੇ ਬੋਨੀ ਅਜਨਾਲਾ ਅਤੇ ਬਾਦਲ ਦੀ ਕੈਬਨਿਟ ਦੇ ਸਾਬਕਾ ਵਜ਼ੀਰ ਲੰਗਾਹ ਨੂੰ ਪਛਾਣਿਆ। ਇਸ ਤੋਂ ਇਲਾਵਾ ਮੈਂ ਉੱਥੇ ਰਜਿੰਦਰ ਸਿੰਘ ਮਹਿਤਾ, ਵਿਰਸਾ ਸਿੰਘ ਵਲਟੋਹਾ, ਜੋ ਕਿ ਸ਼ਹੀਦ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਆਪੂੰ ਬਣੇ ਲੈਫਟੀਨੈਂਟ ਸਨ, ਨੂੰ ਵੀ ਵੇਖਿਆ। ਹਰਿਆਣਵੀ ਹਿੰਦੂ ਮੁੰਡੇ, ਜਿਨ੍ਹਾਂ ਨੂੰ ਟਰੱਕਾਂ ਰਾਹੀਂ ਢੋਇਆ ਗਿਆ ਸੀ, ਵੀ ਉੱਥੇ ਵੱਡੀ ਗਿਣਤੀ ਵਿਚ ਮੌਜੂਦ ਸਨ। ਇਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਲਾਠੀਆਂ ਤੇ ਨੰਗੀਆਂ ਕਿਰਪਾਂਨਾਂ ਸਨ, ਜਿਨ੍ਹਾਂ ਨੂੰ ਹਵਾ ਵਿਚ ਲਹਿਰਾਉੁਂਦਿਆਂ ਇਹ ਲੋਕ ਚਿੰਗਾੜਾਂ ਮਾਰ ਰਹੇ ਸਨ। ਨਿਰਸੰਦੇਹ ਅਸੀਂ ਸ਼ਾਂਤ ਸਾਂ ਅਤੇ ਪੁਲਿਸ ਦੀ ਵੱਡੀ ਧਾੜ, ਜਿਸ ਕੋਲ ਬੈਂਤਾਂ, ਰਫਲਾਂ ਤੇ ਬੈਂਤ ਦੀਆਂ ਢਾਲਾਂ ਸਨ, ਉੱਥੇ ਖੜ੍ਹੀ ਸੀ। ਸਾਫ ਦਿਸ ਰਿਹਾ ਸੀ ਕਿ ਪੁਲਿਸ ਨੇ ਬਾਦਲ ਪਾਰਟੀ ਦੇ ਇਨ੍ਹਾਂ ਗੁੰਡਿਆਂ ਨੂੰ ਹਥਿਆਰ ਰਹਿਤ ਨਹੀਂ ਸੀ ਕੀਤਾ ਤੇ ਇਹ ਲੋਕ ਸਾਨੂੰ ਇਸ ਪਵਿਤਰ ਪ੍ਰੋਗਰਾਮ ਵਿਚ ਜਾਣੋਂ ਰੋਕਣ ਲਈ ਪੂਰੀ ਤਰ੍ਹਾਂ ਹਥਿਆਰਬੰਦ ਕੀਤੇ ਗਏ ਸਨ। ਬਿਨ੍ਹਾਂ ਕਿਸੇ ਡਰ ਭੈਅ ਤੋਂ ਅਤੇ ਅਡੋਲ ਰਹਿੰਦਿਆਂ ਮੇਰੀ ਪਾਰਟੀ ਦੇ ਵਰਕਰ ਮੇਰੀ ਅਗਵਾਈ ਵਿਚ ਬਾਦਲਕਿਆਂ ਦੇ ਇਨ੍ਹਾਂ ਖਰੂਦੀ, ਵਿਗੜੇ ਹੋਏ ਬੱਚਿਆਂ ਅਤੇ ਉਨ੍ਹਾਂ ਵੱਲੋਂ ਕਿਰਾਏ ਤੇ ਲਿਆਂਦੇ ਹੋਏ ਗੁੰਡਿਆਂ ਤੇ ਲੱਠ ਮਾਰਾਂ ਦੀ ਫੌਜ ਵੱਲ ਵਾਹਿਰੁਰੂ-ਵਾਹਿਗੁਰੂ ਕਰਦਿਆਂ ਵਧਦੇ ਗਏ। ਇਹ ਸਾਰਾ ਇੰਤਜ਼ਾਮ ਬਿਲਕੁਲ ਉਸੇ ਤਰ੍ਹਾਂ ਦਾ ਸੀ, ਜਿਵੇਂ ਕਿ ਨਰੈਣੂ ਮਹੰਤ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਵੱਲ ਮਾਰਚ ਕਰ ਰਹੇ ਸਿੱਖਾਂ ਉੱਥੇ ਗੋਲੀ ਚਲਾਉਣ ਤੇ ਉਨ੍ਹਾਂ ਨੂੰ ਮਾਰਨ ਲਈ ਭਾੜੇ ਦੇ ਬਦਮਾਸ਼ ਲੈ ਕੇ ਕੀਤਾ ਸੀ। ਕਿਉਂਕਿ ਅਸੀਂ ਬੜੇ ਹੌਂਸਲੇ ਵਿਚ ਸੀ ਅਤੇ ਗੁਰਦੁਆਰਿਆਂ ਨੂੰ ਮੁੜ ਕੇ ਜੰਮ ਪਏ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਲੇ ਇਸ ਕਾਰਜ ਦੀ ਪਵਿੱਤਰਤਾ ਨੇ ਸਾਨੂੰ ਇਖਲਾਕੀ ਪੱਖੋਂ ਬੜੀ ਉੱਚੀ ਅਵਸਥਾ ਵਿਚ ਪਹੁੰਚਾ ਦਿੱਤਾ ਸੀ, ਮੈਂ ਆਪਣੇ ਜਥੇ ਨੂੰ ਲੈ ਕੇ ਭੀੜ ਵਿਚੋਂ ਅੱਗੇ ਵਧਦਾ ਗਿਆ। ਬਾਦਲਕਿਆਂ ਤੇ ਉਨ੍ਹਾਂ ਦੇ ਭਾੜੇ ਦੇ ਟੱਟੂਆਂ ਨੇ ਸਾਡੇ ਉਤੇ ਡਾਂਗਾਂ ਅਤੇ ਕਿਰਪਾਨਾਂ ਨਾਲ ਵਾਰ ਕੀਤੇ। ਸਾਡੇ ਵਿਚੋਂ ਬਹੁਤ ਜਾਣਿਆਂ ਦੇ ਸਿਰਾਂ ਉੱਥੇ ਲਾਠੀਆਂ ਅਤੇ ਕਿਰਪਾਂਨਾਂ ਨਾਲ ਡੂੰਘੀਆਂ ਸੱਟਾਂ ਵੱਜੀਆਂ। ਪਰ ਪੂਰੀ ਦ੍ਰਿੜਤਾ ਤੇ ਅਡੋਲਤਾ ਨਾਲ ਬੁੱਲਾਂ ਤੇ ਵਾਹਿਗੁਰੂ ਸਿਮਰਦਿਆਂ ਅਸੀਂ ਇਸ ਨੀਚ ਅਤੇ ਕਾਤਲਾਨਾ ‘#ਬਾਦਲੀ_ਸਵਾਗਤ’ ਨੂੰ ਪਾਰ ਕਰ ਗਏ। ਇਸ ਸਮੁੱਚੀ ਕਾਰਵਾਈ ਦੌਰਾਨ ਪੁਲਿਸ ਇਕ ਪਾਸੇ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ। ਸਾਨੂੰ ਅੱਗੇ ਪਹੁੰਚਿਆ ਵੇਖ ਪੰਡਾਲ ਵਿਚ ਬੈਠੇ ਬਾਦਲ, ਵੇਦਾਂਤੀ ਤੇ ਹੋਰ ਆਗੂਆਂ ਨੂੰ ਕੁੱਝ ਘਬਰਾਹਟ ਹੋਈ। ਐਨ ਉਸੇ ਸਮੇ ਬਾਦਲਕਿਆਂ ਨੇ ਆਪਣੇ ਅਗਨ ਸ਼ਸ਼ਤਰ ਵਰਤਦਿਆਂ ਗੋਲੀ ਚਲਾ ਦਿੱਤੀ। ਇਸ ਨਾਲ ਸਾਡੇ ਜਥੇ ਅੰਦਰ ਇਕਦਮ ਘਬਰਾਹਟ ਫੈਲ ਗਈ ਅਤੇ ਰੌਲਾ-ਰੱਪਾ ਪੈ ਗਿਆ ਕਿਉਂਕਿ ਬਹੁਤਿਆਂ ਨੇ ਸਮਝਿਆ ਕਿ ਗੋਲੀ ਪੁਲਿਸ ਵੱਲੋਂ ਚਲਾਈ ਗਈ ਹੈ। ਸਾਡੇ ਵਰਕਰਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਮੇਰੇ ਨਾਲ ਸਿਰਫ ਚਾਰ ਬੰਦੇ ਰਹਿ ਗਏ ਅਤੇ ਉਨ੍ਹਾਂ ਮੇਰੇ ਦੁਆਲੇ ਇੱਕ ਘੇਰਾ ਬਣਾ ਲਿਆ। ਉਨ੍ਹਾਂ ਆਪਣੀ ਪੂਰੀ ਤਾਕਤ ਨਾਲ ਮੈਨੂੰ ਸੁਰੱਖਿਅਤ ਸਥਾਨ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ। ਇਹ ਵੇਖਦਿਆਂ ਕਿ ਸਾਡੇ ਪਾਰਟੀ ਵਰਕਰ ਪਿੱਛੇ ਹਟ ਰਹੇ ਹਨ, ਮੈਂ ਆਪਣੀ ਥਾਂ ਤੇ ਦ੍ਰਿੜਤਾ ਨਾਲ ਖੜੋ ਗਿਆ ਅਤੇ ਮੇਰੇ ਵਰਕਰਾਂ ਵੱਲੋਂ ਮੈਨੂੰ ਪਿੱਛੇ ਲਿਜਾਣ ਦੀ ਕੋਸ਼ਿਸ਼ ਦਾ ਆਪਣਾ ਪੂਰਾ ਜ਼ੋਰ ਲਾ ਕੇ ਵਿਰੋਧ ਕਰਦਾ ਰਿਹਾ। ਮੈਂ ਇਹ ਜਾਣਦਾ ਸੀ ਕਿ ਜੇਕਰ ਮੈਂ ਪਿੱਛੇ ਨੂੰ ਭੱਜ ਗਿਆ ਤਾਂ ਇਸ ਨਾਲ ਸਾਡੇ ਜਥੇ ਦਾ ਮਨੋਬਲ ਹੋਰ ਵੀ ਟੁੱਟ ਜਾਵੇਗਾ। ਆਪਣੇ ਵਰਕਰਾਂ ਦੇ ਜ਼ੋਰ ਅੱਗੇ ਆਪਣੀ ਕੋਈ ਵਾਹ ਨਾ ਚਲਦੀ ਵੇਖ ਕੇ ਮੈਂ ਉੱਥੇ ਹੀ ਬੈਠ ਜਾਣ ਵਿੱਚ ਸਿਆਣਪ ਸਮਝੀ ਤਾਂ ਜੋ ਇਹ ਲੋਕ ਮੈਨੂੰ ਹੋਰ ਪਿੱਛੇ ਨੂੰ ਨਾ ਲਿਜਾ ਸਕਣ। ਕੁੱਝ ਬਾਦਲਕਿਆਂ ਨੇ ਮੇਰੇ ਸਿਰ ਤੇ ਸੱਟਾਂ ਮਾਰੀਆਂ ਜਿਸ ਨਾਲ ਮੇਰੀ ਦਸਤਾਰ ਲਹਿ ਗਈ ਤੇ ਫਿਰ ਇਕ ਤਲਵਾਰ ਦਾ ਵਾਰ ਮੇਰੇ ਤੇ ਹੋਇਆ, ਜਿਸ ਨੂੰ ਮੈਂ ਆਪਣੇ ਖੱਬੇ ਪੈਰ ਨਾਲ ਰੋਕਿਆ। ਇੰਨੇ ਨੂੰ ਇਕ ਇੱਟ ਆ ਕੇ ਮੇਰੀ ਪਿੱਠ ਉਤੇ ਵੱਜ਼ੀ ਪਰ ਇਸ ਨੇ ਮੈਨੂੰ ਕੋਈ ਬਹੁਤਾ ਨੁਕਸਾਨ ਨਹੀਂ ਪਹੁੰਚਾਇਆ। ਮੇਰੇ ਚਾਰੇ ਸਾਥੀਆਂ ਨੇ ਇਸ ਹਮਲੇ ਦੀ ਬਹੁਤੀ ਮਾਰ ਆਪਣੇ ਉੱਪਰ ਸਹਿਣ ਕੀਤੀ ਤੇ ਮੇਰੀ ਜਾਨ ਬਚਾਈ।

ਮੈਂ ਬਿਲਕੁਲ ਮੌਤ ਦੇ ਮੂੰਹ ਵਿਚ ਸੀ। ਪਰ ਮੈਨੂੰ ਕੋਈ ਡਰ ਨਹੀਂ ਲੱਗਾ ਭਾਵੇਂ ਕਿ ਮੌਤ ਸਾਹਮਣੇ ਖੜੀ੍ਹ ਵੇਖਣਾ ਭੈਭੀਤ ਕਰ ਦਿੰਦਾ ਹੈ। ਮੈਂ ਬਹੁਤਾ ਦਲੇਰ ਜਾਂ ਬਹਾਦਰ ਨਹੀਂ ਹਾਂ। ਭਾਗਲਪੁਰ ਜ਼ੇਲ ਦੇ ਦਿਨਾਂ ਦੌਰਾਂ ਜਦੋਂ ਮੈਨੂੰ ਇਕਾਂਤਵੱਸ ਕੈਦ ਵਿਚ ਰੱਖਿਆ ਹੋਇਆ ਸੀ, ਉਨੀਂ ਦਿਨੀਂ ਮੈਨੂੰ ਮੇਰੇ ਜੇਲਰਾਂ ਨੇ ਜਬਰਦਸਤੀ ਦੋ ਬੰਦਿਆਂ ਨੂੰ ਫਾਂਸੀ ਲਗਦੀ ਵੇਖਣ ਨੂੰ ਮਜ਼ਬੂਰ ਕੀਤਾ ਅਤੇ ਨਾਲ ਹੀ ਉਹ ਇਹ ਵੀ ਕਹਿੰਦੇ ਰਹੇ ਕਿ ਮੇਰਾ ਵੀ ਇਹੋ ਹੀ ਹਸ਼ਰ ਹੋਵੇਗਾ। ਮੈਂ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਇਸ ਨੇ ਮੈਨੂੰ ਡਰਾ ਦਿੱਤਾ ਸੀ। ਮੇਰੇ ਅੰਦਰ ਰੋਟੀ ਨਹੀਂ ਸੀ ਲੰਘਦੀ ਤੇ ਮੈਨੂੰ ਨੀਦ ਨਹੀਂ ਸੀ ਆਂਉਂਦੀ। ਸ਼ਾਇਦ ਸੈਮੂਅਲ ਜ਼ੌਹਨਸਨ ਸੀ, ਜਿਸ ਨੇ ਇਹ ਕਿਹਾ ਸੀ ਕਿ ਫਾਹੇ ਟੰਗੇ ਜਾਣ ਦੇ ਖਿਆਲ ਤੋਂ ਡਰਾਵਾਣਾ ਹੋਰ ਕੁੱਝ ਵੀ ਨਹੀਂ। ਬਾਅਦ ਵਿਚ ਸੁੱਖੇ ਤੇ ਜਿੰਦੇ ਨੂੰ ਜਦੋਂ ਫਾਂਸੀ ਦੀ ਸਜ਼ਾ ਹੋਈ ਤਾਂ ਮੈਂ ਇਸ ਗੱਲ ਉੱਥੇ ਬੜਾ ਹੈਰਾਨ ਹੋਇਆ ਕਿ ਕਿਵੇਂ ਉਨ੍ਹਾਂ ਨੇ ਇਸ ਦੀ ਖੁਸ਼ੀ ਮਨਾਈ ਤੇ ਜੱਜ ਦਾ ਸ਼ੁਕਰੀਆ ਕੀਤਾ। ਹੁਣ ਇਸ ਕੱਥੂਨੰਗਲ ਵਾਲੇ ਤਜ਼ਰਬੇ ਤੋਂ ਬਾਅਦ ਮੈਂ ਇਹ ਸਮਝ ਸਕਿਆਂ ਹਾਂ ਕਿ ਇਨ੍ਹਾਂ ਦੋਹਾਂ ਯੋਧਿਆਂ ਦੀ ਮਾਨਸਿਕ ਤੇ ਰੂਹਾਂਨੀ ਅਵਸਥਾ ਕਿੰਨੀ ਉੱਚੀ ਹੋਵੇਗੀ। ਉਹ ਬਿਲਕੁਲ ਨਿਰਭੈਅ ਸਨ। ਉਨ੍ਹਾਂ ਬਹਾਦਰੀ ਨਾਲ ਮੌਤ ਦਾ ਸਾਹਮਣਾ ਕੀਤਾ। ਉਹ ਮੌਤ ਵਰਗੀ ਚਰਮ ਹੋਣੀ ਨੂੰ ਲੈ ਕੇ ਵੀ ਅਡੋਲ ਰਹੇ। ਕੱਥੂਨੰਗਲ ਵਿਚ ਮੈਨੂੰ ਵੀ ਇਸੇ ਉੱਚੀ ਅਵਸਥਾ ਤੱਕ ਪੁੱਜਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਸੰਪੂਰਨ ਨਿਡਰਤਾ ਤੇ ਮੁਕਤੀ ਵਾਲੀ ਸਟੇਜ ਹੈ, ਜੇਕਰ ਤੁਸੀਂ ਇਕ ਵਾਰ ਇਥੇ ਤੱਕ ਪਹੁੰਚ ਜਾਵੋ। ਸਾਡੀ ਗੁਰਬਾਣੀ ਦਾ ਸਿਖਰਲਾ ਸੰਦੇਸ਼ ਵੀ ਤਾਂ ਇਹੋ ਹੀ ਹੈ। ਫਿਰ ਜਦੋਂ ਬਾਦਲਕਿਆਂ ਦੀ ਇਹ ਸਾਰੀ ਗੁੰਡਾ ਗਰਦੀ ਵਾਲੀ ਕਾਰਵਾਈ ਘੱਟ ਗਈ ਤਾਂ ਦਰਸ਼ਕ ਬਣੀ ਹੋਈ ਪੁਲਿਸ ਕੁੱਝ ਹਰਕਤ ਵਿਚ ਆਈ ਅਤੇ ਉਨ੍ਹਾਂ ਨੇ ਮੈਨੂੰ ਘੇਰੇ ਵਿਚ ਲੈ ਲਿਆ। ਮੈਂ ਇਕ ਵੱਡੇ ਅਫਸਰ ਨੂੰ ਇਹ ਕਹਿੰਦਿਆਂ ਸੁਣਿਆ ਕਿ ਮੈਨੂੰ ਜ਼ਰੂਰ ਬਚਾਉਣਾ ਹੈ। ਮੈਂ ਕਿਹਾ ਮੈਂ ਪਿੱਛੇ ਨਹੀਂ ਮੁੜਨਾ ਤੇ ਆਪਣੀ ਜ਼ਗਾ ਤੇ ਹੀ ਖੜ੍ਹਾ ਰਹਾਂਗਾ ਭਾਵੇਂ ਕੁੱਝ ਵੀ ਹੋ ਜਾਵੇ। ਪਰ ਉਨ੍ਹਾਂ ਮੇਰੇ ਦੁਆਲੇ ਘੇਰਾ ਬਣਾਇਆ, ਮੈਨੂੰ ਜ਼ਬਰਦਸਤੀ ਚੁੱਕਿਆ ਤੇ ਇੱਕ ਪਹਿਲਾਂ ਤੋਂ ਹੀ ਉਡੀਕ ਕਰ ਰਹੀ ਐਂਬੂਲੈਂਸ ਵਿਚ ਪਾ ਲਿਆ। ਇਹ ਐਂਬੂਲੈਂਸ ਦੇਖ ਕੇ ਮੈਨੂੰ ਇੰਝ ਲੱਗਿਆ ਜਿਵੇਂ ਇਸ ਨੂੰ ਪੁਲਿਸ ਵਾਲਿਆਂ ਨੇ ਨੇੜੇ ਹੀ ਇਸ ਕਰਕੇ ਖੜਾਇਆ ਹੋਇਆ ਸੀ ਕਿ ਉਹ ਜਾਣਦੇ ਸਨ ਕਿ ਉਸ ਦਿਨ ਇਸ ਦੀ ਲੋੜ ਪਵੇਗੀ! ਮੈਨੂੰ ਉਸੇ ਖੁੱਲੇ ਮੈਦਾਨ ਵੱਲ ਲਿਜਾਇਆ ਗਿਆ, ਜਿੱਥੋਂ ਅਸੀਂ ਆਪਣਾ ਮਾਰਚ ਸ਼ੁਰੂ ਕੀਤਾ ਸੀ। ਬਾਦਲਕਿਆਂ ਨੇ ਉਸ ਦਿਨ ਹਰਿਆਣਾ ਦੇ ਸਾਬਕਾ ਚੀਫ ਮਨਿਸਟਰ ਓਮ ਪ੍ਰਕਾਸ਼ ਚੌਟਾਲਾ, ਜੋ ਕਿ ਆਪਣੇ ਸੂਬੇ ਵਿਚ ਵਸਦੇ ਸਿੱਖਾਂ ਪ੍ਰਤੀ ਅਥਾਹ ਨਫਰਤ ਤੇ ਤੇ ਘਿਰਣਾ ਰੱਖਦਾ ਹੈ, ਨੂੰ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਹੋਇਆ ਸੀ। ਇਸ ਤੋਂ ਇਲਾਵਾ ਸੱਜੇ ਪੱਖੀ ਪਾਰਟੀ ਬੀਜੇਪੀ ਦੇ ਕੁੱਝ ਲੀਡਰ ਵੀ ਸੱਦੇ ਗਏ ਸਨ। ਬਾਦਲਕਿਆਂ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਉੱਥੇ ਜੋ ਡਰ ਤੇ ਘਬਰਾਹਟ ਵਾਲਾ ਮਾਹੌਲ ਬਣਿਆ, ਇਸ ਦਾ ਖਮਿਆਜ਼ਾ ਖੁਦ ਉਨ੍ਹਾਂ ਨੂੰ ਵੀ ਭੁਗਤਣਾ ਪਿਆ। ਉਨ੍ਹਾਂ ਦਾ ਚੀਫ ਗੈਸਟ ਓਮ ਪ੍ਰਕਾਸ਼ ਚੌਟਾਲਾ ਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਤਕਰੀਰ ਨਾ ਕਰ ਸਕੇ ਕਿਉਂਕਿ ਸੰਗਤ ਟੀਨ ਦੀਆਂ ਸ਼ੀਟਾਂ ਤੋੜ ਕੇ ਪੰਡਾਲ ਵਿਚੋਂ ਬਾਹਰ ਆ ਗਈ। ਇਨ੍ਹਾਂ ਟੀਨ ਦੀਆਂ ਸ਼ੀਟਾਂ ਨੂੰ ਰਵਾਇਤੀ ਕਨਾਤਾਂ ਦੀ ਜਗਾ ਇਸ ਲਈ ਵਰਤਿਆ ਗਿਆ ਸੀ ਤਾਂ ਜੋ ਸਾਨੂੰ ਅੰਦਰ ਜਾਣੋਂ ਰੋਕਿਆ ਜਾ ਸਕੇ। ਬਾਦਲ ਤੇ ਚੌਟਾਲਾ ਸਿੱਖ ਸੰਗਤਾਂ ਨੂੰ ਆਪਣਾ ਗੈਰ ਪੰਥਕ ਸਿਆਸੀ ਸੁਨੇਹਾ ਨਾ ਦੇ ਸਕੇ, ਜਿਸ ਨੇ ਉਨ੍ਹਾਂ ਦਾ ਅੰਦਰ ਕਿਰਕਿਰਾ ਕਰ ਦਿੱਤਾ। ਪਰ ਸਾਨੂੰ ਦੁੱਖ ਹੈ ਕਿ ਸਭ ਤੋਂ ਵੱਧ ਨੁਕਸਾਨ ਹੋਇਆ ਬਾਬਾ ਬੁੱਢਾ ਜੀ ਦੀ ੫੦੦ ਸਾਲਾ ਜ਼ਨਮ ਸ਼ਤਾਬਦੀ ਦਾ। ਬਾਬਾ ਬੁੱਢਾ ਜੀ ਸਾਡੇ ਛੇ ਗੁਰੂਆਂ ਨਾਲ ਵਿਚਰਦੇ ਰਹੇ। ਉਨ੍ਹਾਂ ਦਾ ਸਿੱਖੀ ਨੂੰ ਇੱਕ ਬਰਾਬਰਤਾ ਵਾਲਾ, ਸਰਬ-ਸਾਂਝਾ, ਹਿੰਦੂ ਜਾਤ-ਪਾਤ ਤੇ ਇਸਲਾਮਿਕ ਕੱਟੜਤਾ ਤੋਂ ਰਹਿਤ ਅਤੇ ਹਿੰਦੂ ਤੇ ਇਸਲਾਮਿਕ ਅਸਹਿਣਸ਼ੀਲਤਾਂ ਤੋਂ ਮੁਕਤ ਧਰਮ ਬਣਾਉਣ ਵਿਚ ਬੜਾ ਯੋਗਦਾਨ ਹੈ। ਬਾਦਲਕਿਆਂ ਨੇ ਉਸ ਦਿਨ ਬਾਬਾ ਬੁੱਢਾ ਜੀ ਵੱਲੋਂ ਸਿੱਖਾਂ ਨੂੰ ਇਕਮੁੱਠ ਰਹਿਣ ਦੀ ਦਿੱਤੀ ਨਸੀਹਤ ਨੂੰ ਮਿੱਟੀ ਵਿਚ ਮਿਲਾ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੀ ਦੁਨੀਆਂ ਵਿੱਚੋਂ ਸਾਡੇ ਇਸ ਸ਼ਾਂਤਮਈ ਮਾਰਚ ਦੀ ਸ਼ਲਾਘਾ ਦੇ ਸੁਨੇਹੇ ਸਾਨੂੰ ਮਿਲਣ ਲੱਗੇ। ਸਾਰੀ ਦੁਨੀਆਂ ਵਿਚੋਂ ਸਿੱਖਾਂ ਨੇ ਤੇ ਇੱਥੋਂ ਤੱਕ ਗੈਰ-ਸਿੱਖਾਂ ਨੇ ਵੀ ਸਾਨੂੰ ਵਧਾਈ ਦਿੱਤੀ ਕਿ ਸਾਡੀ ਪਾਰਟੀ ਨੇ ਸਿੱਖਾਂ ਦੀ ਜ਼ਮੀਰ ਅਤੇ ਆਜਾਦਾਨਾ ਸੋਚ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਖਿਆਲ ਆਇਆ ਟਾਲਸਟਾਏ, ਥੌਰੋ ਤੇ ਗਾਂਧੀ ਦੇ ਸਾਂਤੀ ਤੇ ਅਮਨ ਦੇ ਸੁਨੇਹੇ ਦਾ ਕਿ ਕਿਵੇਂ ਅਮਨ ਦਾ ਰਾਹ ਅਖਤਿਆਰ ਕਰਕੇ ਤਾਕਤਵਰ ਤੇ ਜ਼ਾਲਮ ਹਕੂਮਤਾਂ ਨਾਲ ਲੜਿਆ ਜਾ ਸਕਦਾ ਹੈ। ਸਾਡੇ ਪਹਿਲੇ ਪੰਜ ਗੁਰੂ ਸਾਹਿਬਾਂ ਨੇ ਇਸ ਅਮਨ ਤੇ ਸ਼ਾਂਤੀ ਦੇ ਹਥਿਆਰ ਬਾਰੇ ਇਨ੍ਹਾਂ ਫਿਲਾਸਫਰਾਂ ਤੋਂ ਸਦੀਆਂ ਪਹਿਲਾਂ ਦੱਸ ਦਿੱਤਾ ਸੀ। ਗੁਰੂ ਸਾਹਿਬ ਨੇ ਤਾਂ ਜੁਲਮ ਤੇ ਜ਼ਬਰ ਖਿਲਾਫ ਇਹ ਹਥਿਆਰ ਆਪ ਵੀ ਵਰਤੇ ਪਰ ਬਾਅਦ ਵਾਲੇ ਫਿਲਾਸਫਰ ਟਾਲਸਟਾਏ ਤੇ ਹੋਰ ਜਿਨ੍ਹਾਂ ਦਾ ਮੈਂ ਨਾਂ ਲਿਖਿਆ ਹੈ, ਨੇ ਕਦੇ ਵੀ ਕਿਸੇ ਜਾਲਮ ਸਰਕਾਰ ਦੀ ਫੌਜ ਜਾਂ ਕਿਰਾਏ ਤੇ ਲਿਆਂਦੇ ਹੋਏ ਲੱਠਮਾਰਾਂ ਸਾਹਮਣੇ ਆਪ ਇਸ ਅਮਨ ਤੇ ਸ਼ਾਂਤੀ ਵਾਲੇ ਹਥਿਆਰ ਦੀ ਪਰੈਕਟੀਕਲ ਤੌਰ ਉੱਥੇ ਵਰਤੋਂ ਨਹੀ ਕੀਤੀ। ਗਾਂਧੀ ਨੇ ਵੀ ਇਸ ਅਮਨ ਦੇ ਸਿਧਾਂਤ ਦੀ ਪਰੈਕਟੀਕਲ ਰੂਪ ਵਿਚ ਵਰਤੋਂ ਨੂੰ ਨਨਕਾਣਾ ਸਾਹਿਬ, ਪੰਜਾ ਸਾਹਿਬ, ਜੈਤੋ ਅਤੇ ਗੁਰੂ ਕੇ ਬਾਗ ਦੇ ਮੌਰਚੇ ਦੌਰਾਂ ਵੇਖਿਆ ਜਦੋਂ ਸਿੱਖ ਦੇਸ਼ਭਗਤ ਅੰਗਰੇਜਾਂ ਦੀ ਹਮਾਇਤ ਪ੍ਰਾਪਤ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਅਤੇ ਅਮਨਪਸੰਦ ਮਾਰਚ ਕੱਢਿਆ ਕਰਦੇ ਸਨ। ਆਪਣੇ ਪੁਰਖਿਆਂ ਵੱਲੋਂ ਸਥਾਪਤ ਕੀਤੀਆਂ ਇਨ੍ਹਾਂ ਰਵਾਇਤਾਂ ਉੱਥੇ ਤੁਰਨਾ ਤੇ ਉਸੇ ਇਤਿਹਾਸਕ ਸ਼ਾਂ ਤੇ ਅਣਖ ਉੱਥੇ ਪਹਿਰਾ ਦੇਣਾ ਮੇਰੇ ਲਈ ਇਕ ਬਹੁਤ ਹੀ ਖੁਸ਼ੀ ਵਾਲਾ, ਰੂਹਾਨੀ ਤੇ ਆਤਮਿਕ ਸੰਤੁਸ਼ਟੀ ਵਾਲਾ ਤਜ਼ਰਬਾ ਸੀ। ਸਾਡੇ ਜਖਮਾਂ ਦੀ ਦਰਦ ਇਹ ਸੋਚ ਕੇ ਉੱਡ ਗਈ ਕਿ ਸਾਡੀ ਸਰੀਰਕ ਤਾਕਤ ਉਨ੍ਹਾਂ ਦੀ ਸਰੀਰਕ ਤਾਕਤ ਤੋਂ ਘੱਟ ਨਹੀਂ ਸੀ ਜੇਕਰ ਅਸੀਂ ਮੁਕਾਬਲਾ ਕਰਦੇ। ਪਰ ਇਹ ਹਕੀਕਤ ਕਿ ਅਸੀਂ ਜਾਬਤੇ ਵਿਚ ਰਹਿੰਦੇ ਹੋਏ ਵੀ ਹਿੰਦ ਸਟੇਟ ਉੱਥੇ ਭਾਰੀ ਪੈ ਗਏ ਅਤੇ ਇਸ ਦੇ ਭਾੜੇ ਦੇ ਟੱਟੂਆਂ ਉੱਥੇ ਇਖਲਾਕੀ ਜਿੱਤ ਪ੍ਰਾਪਤ ਕੀਤੀ- ਮੈਨੂੰ, ਸਾਡੀ ਪਾਰਟੀ ਦੇ ਵਰਕਰਾਂ ਅਤੇ ਦੂਜੇ ਹਮਾਇਤੀਆਂ ਨੂੰ ਅਥਾਹ ਰੂਹਾਨੀ ਤੇ ਮਾਂਸਿਕ ਤਸੱਲੀ ਬਖਸ਼ਦੀ ਹੈ। ਇਹ ਇਕ ਇਹੋ ਜਿਹਾ ਤਜ਼ਰਬਾ ਸਿੱਧ ਹੋਇਆ, ਜਿਸ ਦੀ ਪ੍ਰਾਪਤੀ ਲਈ ਵੱਖ-ਵੱਖ ਧਾਰਮਿਕ ਆਗੂ ਜੰਗਲਾਂ ਵਿਚ ਜਾਣ, ਆਸ਼ਰਮਾਂ ਵਿਚ ਰਹਿਣ ਜਾਂ ਯੋਗ ਤੇ ਦੂਜੇ ਸਾਧਨ ਅਪਣਾਉਣ ਦਾ ਉਪਦੇਸ਼ ਦਿੰਦੇ ਹਨ। ਸਿੱਖ ਪੰਥ ਦੀ ਸੇਵਾ ਕਰਦਿਆਂ ਇਹ ਮੇਰੀ ਜਿੰਦਗੀ ਦੇ ਸਭ ਤੋਂ ਮਹੱਤਵਪੂਰਨ ਪਲ ਸਨ। ਇਨ੍ਹਾਂ ਪਲਾਂ ਦੌਰਾਨ ਹੀ ਮੈਨੂੰ ਇਖਲਾਕੀ ਤੇ ਰੂਹਾਨੀ ਤੌਰ ਉੱਥੇ ਬੜੀ ਉਚੀ ਅਵਸਥਾ ਵਿਚ ਪਹੁੰਚਣ ਦਾ ਮੌਕਾ ਮਿਲਿਆ। *ਕਦੇ ਵੀ ਕਿਸੇ ਸ਼ੇਰ ਜਾਂ ਚੀਤੇ ਨੂੰ ਜਖਮੀ ਨਾ ਕਰੋ* ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਜਦੋਂ ਉਨ੍ਹਾਂ ਮੈਨੂੰ ਸ਼ਿਕਾਰ ਸਿਖਾਉਣਾ ਸ਼ੁਰੂ ਕੀਤਾ, *ਤੁਹਾਡਾ ਨਿਸ਼ਾਨਾ ਮਾਰਨ ਲਈ ਹੀ ਹੋਣਾ ਚਾਹੀਦਾ ਹੈ ਨਹੀਂ ਤਾਂ ਜਖ਼ਮੀ ਹੋਇਆ ਜਾਨਵਰ ਤੁਹਾਨੂੰ ਛੱਡੇਗਾ ਨਹੀਂ।

*ਹਿੰਦ ਸਟੇਟ ਨੇ ਉਸ ਦਿਨ ਬਿਲਕੁਲ ਇਸ ਤੋਂ ਉਲਟ ਕੀਤਾ। ਇਸ ਨੇ ਲੱਗਭੱਗ ੫੦੦ ਦੇਸ਼ਭਗਤ ਸਿੱਖਾਂ ਨੂੰ ਜ਼ਖਮੀ ਕੀਤਾ, ਜਿਨ੍ਹਾਂ ਵਿੱਚੋਂ ਸਾਰੇ ਦੇ ਸਾਰੇ ਹੀ ਆਜਾਦੀ ਹਮਾਇਤੀ ਸਨ। ਹਿੰਦ ਹਕੂਮਤ ਨੇ ਬਾਦਲ ਤੇ ਅਮਰਿੰਦਰ ਦੇ ਕਿਰਾਏ ਦੇ ਲੱਠਮਾਰਾਂ ਰਾਹੀਂ ਸ਼ਾਂਤਮਈ ਤੇ ਨਿਹੱਥੇ ਯੋਧਿਆਂ ਨੂੰ ਜ਼ਖਮ ਦਿੱਤੇ ਹਨ। ਸਿਰਫ ਇੱਕ ਚਿੰਗਾੜੀ ਹੀ ਅੱਗ ਲਾਉਣ ਲਈ ਕਾਫੀ ਹੁੰਦੀ ਹੈ ਅਤੇ ਸਮੁੰਦਰ ਬੂੰਦਾਂ ਨਾਲ ਹੀ ਬਣਦੇ ਹਨ। ਸਾਡੇ ਆਜਾਦੀ ਲਈ ਸੰਘਰਸ਼ ਨੂੰ ਹਵਾ ਮਿਲ ਗਈ ਹੈ। ਸਾਡੀ ਪਾਰਟੀ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਅਮਨ-ਸ਼ਾਂਤੀ ਦੇ ਰਾਹ ਉਤੇ ਚਲਦੀ ਰਹੇਗੀ। ਸਾਨੂੰ ਕੋਈ ਰੋਕ ਨਹੀਂ ਸਕਦਾ। ✍#ਸਰਦਾਰ_ਸਿਮਰਨਜੀਤ_ਸਿੰਘ_ਮਾਨ
Comments