ਗ਼ਦਰ ਲਹਿਰ ਦੇ ਗੱਦਾਰ ਕਿਰਪਾਲ ਸਿੰਘ ਦਾ ਨਾਟਕੀ ਅੰਤ ਤੇ ਗ੍ਰੰਥੀ ਸਿੰਘ ਦੀ ਬਹਾਦਰੀ
- Admin
- Jan 25, 2018
- 4 min read


ਗ਼ਦਰ ਲਹਿਰ ਦੇ ਗੱਦਾਰ ਕਿਰਪਾਲ ਸਿੰਘ ਦਾ ਨਾਟਕੀ ਅੰਤ ਤੇ ਗ੍ਰੰਥੀ ਸਿੰਘ ਦੀ ਬਹਾਦਰੀ । ਡਾ. ਗੁਰਦੇਵ ਸਿੰਘ ਸਿੱਧੂ ਕਿਰਪਾਲ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਬਰਾੜ ਜ਼ਿਲ੍ਹਾ ਅੰਮ੍ਰਿਤਸਰ, ਉਹ ਸ਼ਖ਼ਸ ਸੀ, ਜਿਸ ਦੀ ਮੁਖ਼ਬਰੀ ਕਾਰਨ ਗ਼ਦਰ ਪਾਰਟੀ ਵੱਲੋਂ ਹਥਿਆਰਬੰਦ ਬਗ਼ਾਵਤ ਕਰ ਕੇ ਹਿੰਦੁਸਤਾਨ ਉੱਤੇ ਰਾਜ ਕਰ ਰਹੀ ਅੰਗਰੇਜ਼ ਹਕੂਮਤ ਪਾਸੋਂ ਮੁਲਕ ਦੀ ਬੰਦ ਖਲਾਸੀ ਕਰਵਾਉਣ ਦੀ ਯੋਜਨਾ ਅਸਫ਼ਲ ਹੋਈ ਸੀ। ਕਿਰਪਾਲ ਸਿੰਘ ਦੀ ਜ਼ਿੰਦਗੀ ਉੱਤੇ ਝਾਤ ਮਾਰਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਚੰਚਲ ਮਨ ਵਾਲਾ ਵਿਅਕਤੀ ਸੀ। ਗੱਭਰੇਟ ਉਮਰ ਦੇ ਪੰਦਰਾਂ ਸੋਲਾਂ ਸਾਲ ਉਹ ਕਿਤੇ ਟਿਕ ਕੇ ਨਹੀਂ ਸੀ ਬੈਠਾ। ਪਹਿਲਾਂ ਅੰਗਰੇਜ਼ੀ ਰਸਾਲੇ ਵਿੱਚ ਭਰਤੀ ਹੋਇਆ ਤੇ ਤਿੰਨ ਸਾਲ ਪਿੱਛੋਂ ਨੌਕਰੀ ਛੱਡ ਕੇ ਹਾਂਗਕਾਂਗ ਚਲਾ ਗਿਆ ਅਤੇ ਉੱਥੋਂ ਦੀ ਪੁਲੀਸ ਵਿੱਚ ਭਰਤੀ ਹੋ ਗਿਆ। ਉੱਥੋਂ ਵੀ ਤਿੰਨ ਕੁ ਸਾਲ ਪਿੱਛੋਂ ਨੌਕਰੀ ਛੱਡ ਕੇ ਪਿੰਡ ਆਇਆ ਪਰ ਟਿਕਿਆ ਨਹੀਂ। ਚੀਨ ਜਾ ਕੇ ਰੇਲਵੇ ਦੀ ਨੌਕਰੀ ਕਰ ਲਈ। ਫਿਰ ਪਿੰਡ ਵਾਪਸ ਆਇਆ ਪਰ ਛੇਤੀ ਹੀ ਕਲਕੱਤੇ ਚਲਾ ਗਿਆ, ਜਿੱਥੋਂ 1913 ਵਿੱਚ ਮੁੜ ਪਿੰਡ ਪਰਤ ਆਇਆ। ਇਸ ਅਰਸੇ ਦੌਰਾਨ ਉਸ ਨੇ ਆਪਣੀ ਬਾਂਹ ਉੱਤੇ ਉੱਕਰਿਆ ਆਪਣਾ ਨਾਂ ਤੇਜ਼ਾਬ ਪਾ ਕੇ ਮਿਟਾ ਦਿੱਤਾ। ਜਨਵਰੀ 1915 ਦੇ ਆਖ਼ਰੀ ਦਿਨੀਂ ਉਹ ਕਿਸੇ ਕੰਮ ਅੰਮ੍ਰਿਤਸਰ ਗਿਆ ਤਾਂ ਉਸ ਨੇ ਮੂਲਾ ਸਿੰਘ ਨੂੰ ਵੇਖਿਆ। ਮੂਲਾ ਸਿੰਘ ਗ਼ਦਰ ਪਾਰਟੀ ਵੱਲੋਂ ਗ਼ਦਰ ਕਰਨ ਵਾਸਤੇ ਦੇਸ਼ ਵਾਪਸੀ ਦੇ ਸੱਦੇ ਉੱਤੇ ਪੰਜਾਬ ਆਇਆ ਸੀ ਅਤੇ ਸਰਕਾਰ ਵੱਲੋਂ ਮੁੱਖ ਗ਼ਦਰੀ ਆਗੂਆਂ ਨੂੰ ਬੰਦਰਗਾਹਾਂ ਉੱਤੇ ਹੀ ਦਬੋਚ ਲੈਣ ਕਾਰਨ ਖ਼ਾਲੀ ਹੋਈ ਥਾਂ ਨੂੰ ਪੂਰਦਿਆਂ ਮੋਹਰੀ ਆਗੂ ਬਣ ਗਿਆ ਸੀ। ਕਿਰਪਾਲ ਸਿੰਘ ਟਾਪੂਆਂ ਵੱਲ ਆਉਂਦਿਆਂ-ਜਾਂਦਿਆਂ ਸ਼ਿੰਘਾਈ ਵਿੱਚ ਮੂਲਾ ਸਿੰਘ, ਜੋ ਉੱਥੇ ਸ਼ਰਾਬ ਦਾ ਠੇਕਾ ਅਤੇ ਹੋਟਲ ਚਲਾ ਰਿਹਾ ਸੀ, ਦਾ ਵਾਕਫ਼ ਬਣ ਗਿਆ ਸੀ। ਮੂਲਾ ਸਿੰਘ ਦੇ ਨਾਲ ਕਿਰਪਾਲ ਸਿੰਘ ਦਾ ਰਿਸ਼ਤੇ ਵਿੱਚੋਂ ਭਰਾ ਲੱਗਦਾ ਬਲਵੰਤ ਸਿੰਘ ਵੀ ਸੀ। ਬਲਵੰਤ ਸਿੰਘ ਵੱਲੋਂ ਆਪਣੀ ਬੇਰੁਜ਼ਗਾਰੀ ਦਾ ਵਾਸਤਾ ਪਾਏ ਜਾਣ ਉੱਤੇ ਕਿਰਪਾਲ ਸਿੰਘ ਨੇ ਉਸ ਨੂੰ ਲਾਹੌਰ ਵਿੱਚ ਆਪਣੇ ਕਿਸੇ ਜਾਣੂ ਰਾਹੀਂ 23ਵੇਂ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ। ਅਗਲੇ ਦਿਨ ਕਿਰਪਾਲ ਸਿੰਘ ਦੀ ਮੁਲਾਕਾਤ ਬੇਲਾ ਸਿੰਘ ਜ਼ੈਲਦਾਰ ਨਾਲ ਹੋਈ। ਬੇਲਾ ਸਿੰਘ ਨੇ ਉਸ ਨੂੰ ਦੱਸਿਆ ਕਿ ਉਹ ਕੌਮਾਗਾਟਾ ਮਾਰੂ ਜਹਾਜ਼ ਵਾਲੇ ਗੁਰਦਿੱਤ ਸਿੰਘ ਦਾ ਖੁਰਾ ਖੋਜ ਕੱਢ ਰਿਹਾ ਹੈ। ਕਿਰਪਾਲ ਸਿੰਘ ਦੇ ਟਾਪੂਆਂ ਵਿੱਚ ਰਹਿਣ ਕਾਰਨ ਬੇਲਾ ਸਿੰਘ ਨੇ ਉਸ ਤੋਂ ਗੁਰਦਿੱਤ ਸਿੰਘ ਬਾਰੇ ਜਾਣਕਾਰੀ ਮੰਗੀ। ਕਿਰਪਾਲ ਸਿੰਘ ਨੇ ਜੁਆਬ ਦਿੱਤਾ ਕਿ ਉਹ ਗੁਰਦਿੱਤ ਸਿੰਘ ਬਾਰੇ ਤਾਂ ਨਹੀਂ ਜਾਣਦਾ ਪਰ ਉਸ ਨੂੰ ਏਨੀ ਕੁ ਭਿਣਕ ਪਈ ਹੈ ਕਿ ਵਿਦੇਸ਼ਾਂ ਤੋਂ ਆਏ ਕੁਝ ਹੋਰ ਵਿਅਕਤੀ ਕੋਈ ‘ਸ਼ਰਾਰਤ’ ਜ਼ਰੂਰ ਕਰ ਰਹੇ ਹਨ ਅਤੇ ਮੂਲਾ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ। ਕੁਝ ਦਿਨ ਪਹਿਲਾਂ ਚੱਬਾ ਪਿੰਡ ਵਿੱਚ ਪਏ ਡਾਕੇ ਦੀ ਤਫ਼ਤੀਸ਼ ਦੌਰਾਨ ਇਸ ਕਾਰਵਾਈ ਵਿੱਚ ਮੂਲਾ ਸਿੰਘ ਸਮੇਤ ਵਿਦੇਸ਼ਾਂ ਤੋਂ ਪਰਤੇ ਗ਼ਦਰੀਆਂ ਦੇ ਸ਼ਾਮਲ ਹੋਣ ਦੇ ਸਬੂਤ ਮਿਲ ਚੁੱਕੇ ਸਨ। ਫ਼ਲਸਰੂਪ 9 ਫਰਵਰੀ 1915 ਨੂੰ ਬੇਲਾ ਸਿੰਘ, ਕਿਰਪਾਲ ਸਿੰਘ ਨੂੰ ਅੰਮ੍ਰਿਤਸਰ ਪੁਲੀਸ ਦੇ ਡਿਪਟੀ ਸੁਪਰਡੈਂਟ ਲਿਆਕਤ ਹਯਾਤ ਖ਼ਾਨ ਕੋਲ ਲੈ ਗਿਆ। ਥੋੜ੍ਹੀ ਦੇਰ ਗੱਲਬਾਤ ਕਰਨ ਪਿੱਛੋਂ ਲਿਆਕਤ ਹਯਾਤ ਖ਼ਾਨ ਨੇ ਉਸ ਨੂੰ ਮੂਲਾ ਸਿੰਘ ਨੂੰ ਲੱਭਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਮਿਸ਼ਨ ਦੀ ਪ੍ਰਾਪਤੀ ਵਿੱਚ ਬਲਵੰਤ ਸਿੰਘ ਦੀ ਮਦਦ ਲੈਣ ਲਈ ਉਹ ਉਸੇ ਸ਼ਾਮ ਲਾਹੌਰ ਜਾ ਕੇ ਉਸ ਨੂੰ ਮਿਲਿਆ ਅਤੇ ਉਨ੍ਹਾਂ ਦੀਆਂ ਖ਼ੁਫ਼ੀਆ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ। ਬਲਵੰਤ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਪਤ ਟਿਕਾਣਿਆਂ ਬਾਰੇ ਜਾਣਕਾਰੀ ਦੇ ਕੇ ਉੱਥੇ ਮੂਲਾ ਸਿੰਘ ਨੂੰ ਮਿਲਣ ਲਈ ਕਿਹਾ। ਦੋ ਦਿਨ ਭੱਜ ਨੱਸ ਕਰਨ ਪਿੱਛੋਂ ਵੀ ਕਿਰਪਾਲ ਸਿੰਘ ਦੇ ਹੱਥ ਪੱਲੇ ਕੁਝ ਨਾ ਪਿਆ ਤਾਂ ਉਸ ਨੇ ਲਾਹੌਰ ਤੋਂ ਬਲਵੰਤ ਸਿੰਘ ਨੂੰ ਸੱਦ ਲਿਆ। ਬਲਵੰਤ ਸਿੰਘ ਦੀ ਮਦਦ ਨਾਲ ਉਹ ਪਹਿਲੀ ਵਾਰ ਗ਼ਦਰੀਆਂ ਦੇ ਲਾਹੌਰ ਵਿਚਲੇ ਟਿਕਾਣੇ ਮੋਚੀ ਬਾਜ਼ਾਰ ਵਾਲੇ ਮਕਾਨ ਵਿੱਚ ਗਿਆ। ਇੱਥੇ ਹੀ ਉਸ ਨੂੰ ਗ਼ਦਰ ਕਰਨ ਲਈ ਨਿਸ਼ਚਿਤ ਕੀਤੀ ਤਰੀਕ 21 ਫਰਵਰੀ ਦਾ ਪਤਾ ਲੱਗਾ। ਇਸ ਮਕਾਨ ਵਿੱਚ ਹੀ ਅਗਲੇ ਇੱਕ-ਦੋ ਗੇੜਿਆਂ ਦੌਰਾਨ ਉਸ ਦੀ ਮੁਲਾਕਾਤ ਕਰਤਾਰ ਸਿੰਘ ਸਰਾਭਾ, ਨਿਧਾਨ ਸਿੰਘ, ਹਰਨਾਮ ਸਿੰਘ ਟੁੰਡੀਲਾਟ, ਡਾ. ਮਥਰਾ ਸਿੰਘ, ਪਿੰਗਲੇ, ਰਾਸ ਬਿਹਾਰੀ ਬੋਸ ਨਾਲ ਹੋਈ। ਉਸ ਨੇ 23ਵੇਂ ਰਸਾਲੇ ਦੇ ਘੋੜ ਸਵਾਰਾਂ ਵਿੱਚ ਵੰਡਣ ਦੇ ਬਹਾਨੇ ‘ਗਦਰ ਸੰਦੇਸ਼ਾ’ ਅਤੇ ‘ਐਲਾਨ-ਏ-ਜੰਗ’ ਦੀਆਂ ਕਾਪੀਆਂ ਵੀ ਪ੍ਰਾਪਤ ਕਰ ਲਈਆਂ। ਕਿਰਪਾਲ ਸਿੰਘ ਇਧਰ-ਉਧਰ ਜਾਣ ਦੇ ਬਹਾਨੇ ਗ਼ਦਰੀਆਂ ਤੋਂ ਵੱਖ ਹੋ ਕੇ ਹਰ ਰੋਜ਼ ਅੰਮ੍ਰਿਤਸਰ ਪੁਲੀਸ ਦੇ ਡਿਪਟੀ ਸੁਪਰਡੈਂਟ ਲਿਆਕਤ ਹਯਾਤ ਖ਼ਾਨ ਨੂੰ ਰਿਪੋਰਟ ਦੇ ਦਿੰਦਾ ਸੀ। ਉਸ ਨੇ 15 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਲਈ ਇਕੱਠੇ ਹੋਏ ਗ਼ਦਰੀਆਂ ਦੀ ਸੂਚਨਾ ਅੰਮ੍ਰਿਤਸਰ ਪੁਲੀਸ ਨੂੰ ਭੇਜੀ ਪਰ ਇਤਲਾਹ ਪਛੜ ਕੇ ਮਿਲਣ ਕਾਰਨ ਪੁਲੀਸ ਮੀਟਿੰਗ ਦੇ ਸਮੇਂ ਨਾ ਪਹੁੰਚ ਸਕੀ। ਗ਼ਦਰੀਆਂ ਨੂੰ ਉਸ ਦੀਆਂ ਹਰਕਤਾਂ ਤੋਂ ਸ਼ੱਕ ਪਿਆ ਤਾਂ ਉਨ੍ਹਾਂ ਗ਼ਦਰ ਦੀ ਤਰੀਕ ਦੋ ਦਿਨ ਅੱਗੇ 19 ਫਰਵਰੀ ਕਰ ਦਿੱਤੀ। ਉਸ ਨੇ ਇਹ ਜਾਣਕਾਰੀ ਵੀ ਪੁਲੀਸ ਤਕ ਪੁੱਜਦੀ ਕੀਤੀ। 19 ਫਰਵਰੀ ਨੂੰ ਸਵੇਰੇ ਜਦੋਂ ਕੁਝ ਗ਼ਦਰੀ ਰਾਤ ਨੂੰ ਕੀਤੀ ਜਾਣ ਵਾਲੀ ਕਾਰਵਾਈ ਦੀ ਤਿਆਰੀ ਵਿੱਚ ਲੱਗੇ ਹੋਏ ਸਨ ਤਾਂ ਕਿਰਪਾਲ ਸਿੰਘ ਦੀ ਸੂਹ ਉੱਤੇ ਪੁਲੀਸ ਨੇ ਛਾਪਾ ਮਾਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇੰਜ ਕਿਰਪਾਲ ਸਿੰਘ ਦੀ ਗੱਦਾਰੀ ਕਾਰਨ ਸਾਰੀ ਬਣੀ ਬਣਾਈ ਖੇਡ ਵਿਗੜ ਗਈ।

ਅੰਗਰੇਜ਼ ਸਰਕਾਰ ਨੇ ਕਿਰਪਾਲ ਸਿੰਘ ਨੂੰ ਇਨਾਮ ਵਜੋਂ ਮੁਲਤਾਨ ਜ਼ਿਲ੍ਹੇ ਵਿੱਚ ਪੰਜ ਮੁਰੱਬੇ ਜ਼ਮੀਨ ਦਿੱਤੀ ਅਤੇ ਕਿਰਪਾਲ ਸਿੰਘ ਨੇ ਅਗਲੀ ਜ਼ਿੰਦਗੀ ਗੁਜ਼ਾਰਨ ਵਾਸਤੇ ਉੱਥੇ ਰਹਿਣਾ ਸ਼ੁਰੂ ਕੀਤਾ। ਕਿਰਪਾਲ ਸਿੰਘ ਨੂੰ ਗ਼ਦਰੀਆਂ ਦਾ ਡਰ ਤਾਂ ਸੀ ਹੀ, ਇਸ ਲਈ ਉਸ ਨੇ ਸਵੈ-ਰੱਖਿਆ ਲਈ ਅਨੇਕ ਪ੍ਰਕਾਰ ਦੇ ਓਹੜ ਪੋਹੜ ਕਰ ਰੱਖੇ ਸਨ। ਸੁਰੱਖਿਆ ਦੇ ਪੈਂਤੜੇ ਵਜੋਂ ਉਸ ਨੇ ਆਪਣੇ ਡੇਰੇ ਉੱਤੇ ਕਈ ਖੂੰਖਾਰ ਕੁੱਤੇ ਅਤੇ ਬੱਤਖ਼ਾਂ ਰੱਖੀਆਂ ਹੋਈਆਂ ਸਨ ਤਾਂ ਜੋ ਜੇ ਕਦੇ ਕੋਈ ਓਪਰਾ ਵਿਅਕਤੀ ਉਸ ਦੇ ਡੇਰੇ ਵਿੱਚ ਆਵੇ ਤਾਂ ਬੱਤਖ਼ਾਂ ਰੌਲਾ ਪਾਉਣਾ ਸ਼ੁਰੂ ਕਰ ਦੇਣ ਅਤੇ ਕੁੱਤੇ ਉਸ ਉੱਤੇ ਹਮਲਾ ਕਰ ਸਕਣ ਪਰ ਜਦੋਂ ਕਿਰਪਾਲ ਸਿੰਘ ਦਾ ਅੰਤ ਆਇਆ ਤਾਂ ਉਸ ਦੀ ਕੋਈ ਵੀ ਤਰਕੀਬ ਕੰਮ ਨਾ ਆਈ। ਕਿਰਪਾਲ ਸਿੰਘ ਨੇ ਲਗਪਗ ਦੋ ਦਹਾਕੇ ਮੁਰੱਬਿਆਂ ਵਿੱਚ ਸੁੱਖ ਭੋਗਦਿਆਂ ਬਤੀਤ ਕੀਤੇ। ਇਸ ਅਰਸੇ ਦੌਰਾਨ ਬਹੁਤੇ ਗ਼ਦਰੀ ਘਰੋ ਘਰੀ ਬੈਠ ਗਏ ਅਤੇ ਕੁਝ ਸਿਆਸਤ ਵਿੱਚ ਸਰਗਰਮ ਹੋ ਗਏ। ਗ਼ਦਰੀਆਂ ਵੱਲੋਂ ਕੋਈ ਵਾਰਦਾਤ ਕਰਨ ਦੀ ਗੱਲ ਵੀ ਕਦੇ ਨਹੀਂ ਸੀ ਚੱਲੀ, ਇਸ ਲਈ ਕਿਰਪਾਲ ਸਿੰਘ ਨਿਸ਼ਚਿੰਤ ਹੋ ਕੇ ਜੀਵਨ ਦਾ ਅਨੰਦ ਮਾਣ ਰਿਹਾ ਸੀ। 1933 ਦੇ ਕਿਸੇ ਮਹੀਨੇ ਇੱਕ ਵਿਅਕਤੀ ਨੇ ਕਿਰਪਾਲ ਸਿੰਘ ਦੇ ਚੱਕ ਵਿਚਲੇ ਗੁਰਦੁਆਰੇ ਦੀ ਸੇਵਾ ਸੰਭਾਲੀ। ਛੇਤੀ ਹੀ ਉਸ ਗ੍ਰੰਥੀ ਦਾ ਕਿਰਪਾਲ ਸਿੰਘ ਪਾਸ ਆਉਣ-ਜਾਣ ਸ਼ੁਰੂ ਹੋ ਗਿਆ। ਉਹ ਗ੍ਰੰਥੀ ਬੱਤਖ਼ਾਂ ਅਤੇ ਕੁੱਤਿਆਂ ਨਾਲ ਵੀ ਰਚ-ਮਿਚ ਗਿਆ ਅਤੇ ਜਾਨਵਰਾਂ ਦੇ ਮਨ ਵਿੱਚੋਂ ਉਸ ਪ੍ਰਤੀ ਓਪਰੇਪਣ ਦੀ ਭਾਵਨਾ ਖ਼ਤਮ ਹੋ ਗਈ। 29 ਜੂਨ 1933 ਦੀ ਰਾਤ ਸਮੇਂ ਚੁਬਾਰੇ ਦੀ ਛੱਤ ਉੱਤੇ ਸੁੱਤੇ ਪਏ ਕਿਰਪਾਲ ਸਿੰਘ ਦਾ ਕਤਲ ਹੋ ਗਿਆ। ਕਾਤਲ ਪੌੜੀ ਦੀ ਮਦਦ ਨਾਲ ਮਕਤੂਲ ਤਕ ਪਹੁੰਚਣ ਵਿੱਚ ਸਫ਼ਲ ਹੋਇਆ ਸੀ। ਅਗਲੇ ਦਿਨ ਚੱਕ ਦੇ ਗੁਰਦੁਆਰੇ ਵਿਚਲਾ ਗ੍ਰੰਥੀ ਵੀ ਗਾਇਬ ਪਾਇਆ ਗਿਆ। ਇਹ ਗ੍ਰੰਥੀ ਕੌਣ ਸੀ, ਕਿੱਥੋਂ ਆਇਆ ਸੀ ਅਤੇ ਕਿਧਰ ਚਲਾ ਗਿਆ, ਇਸ ਬਾਰੇ ਕੋਈ ਕੁਝ ਨਹੀਂ ਸੀ ਜਾਣਦਾ।
Comments