ਪਾਸਪੋਰਟ ਬਣਾਉਣ ਸਮੇਂ ਸਰਕਾਰ ਨੇ ਮੈਨੂੰ ਪਹਿਲੀ ਵਾਰ ਇਹ ਅਹਿਸਾਸ ਕਰਵਾਇਆ ਸੀ ਕਿ ਗੁਲਾਮ ਅਤੇ ਅਜ਼ਾਦ ਕੌਮਾਂ ਵਿੱਚ ਕੀ ਅੰਤਰ
- Admin
- Feb 1, 2018
- 5 min read
*ਪਾਸਪੋਰਟ ਬਣਾਉਣ ਸਮੇਂ ਸਰਕਾਰ ਨੇ ਮੈਨੂੰ ਪਹਿਲੀ ਵਾਰ ਇਹ ਅਹਿਸਾਸ ਕਰਵਾਇਆ ਸੀ ਕਿ ਗੁਲਾਮ ਅਤੇ ਅਜ਼ਾਦ ਕੌਮਾਂ ਵਿੱਚ ਕੀ ਅੰਤਰ ਹੁੰਦਾ ਹੈ ।* ਮੈਨੂੰ ਬੜੀ ਵਾਰ ਹਾਲਾਤਾਂ ਨੇ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ । ਸੰਨ 1996 ਵਿੱਚ ਮੈ ਆਪਣਾ, ਆਪਣੀ ਧਰਮ ਪਤਨੀ ਅਤੇ ਦੋਵੇ ਬੱਚਿਆ ਦਾ ਪਾਸਪੋਰਟ ਬਨਾਉਣ ਲਈ ਫਾਰਮ ਭਰ ਸਨ ।ਜਿਲਾ ਸ੍ਰੀ ਫਤਹਿਗੜ ਸਾਹਿਬ ਦੇ ਮੂਲ੍ਹੇਪੁਰ ਥਾਣੇ ਦੀ ਪੁਲੀਸ ਮੇਰੇ ਪਿੰਡ ਆਈ ਅਤੇ ਦੋ ਵਿਅਕਤੀਆਂ ਦੇ ਬਿਆਨ ਲਿਖਕੇ ਲੈ ਗਈ ।ਬਿਆਨ ਦੇਣ ਵਾਲਿਆ ਨੇ ਮੇਰੇ ਸਾਹਮਣੇ ਬਿਆਨ ਵਿੱਚ ਲਿਖਿਆ ਸੀ ਕਿ ਕਰਨੈਲ ਸਿੰਘ ਪੰਜੋਲੀ ਸਪੁੱਤਰ ਸ: ਗੁਰਦੇਵ ਸਿੰਘ ਕੌਮ ਜੱਟ ਸਿੱਖ ਜੋ ਪਿੰਡ ਪੰਜੋਲੀ ਕਲਾਂ ਦਾ ਪੱਕਾ ਵਸਨੀਕ ਹੈ ਅਤੇ ਪਿੰਡ ਪੰਜੋਲੀ ਕਲਾਂ ਦਾ ਸਰਬ ਸੰਮਤੀ ਨਾਲ ਚੁਣਿਆ ਹੋਇਆ ਸਰਪੰਚ ਵੀ ਹੈ ।ਇਹ ਇੱਕ ਸ਼ਾਰੀਫ ਆਦਮੀ ਹੈ ਅਤੇ ਇਸ ਦਾ ਕੋਈ ਅਪਰਾਧਕ ਪਿਛੋਕੜ ਨਹੀ ਹੈ ।ਕੁੱਝ ਦਿਨ ਬਾਅਦ ਮੇਰੀ ਧਰਮ ਪਤਨੀ ਅਤੇ ਦੋਵੇ ਬੱਚਿਆਂ ਦੇ ਪਾਸਪੋਰਟ ਬਣਕੇ ਘਰ ਆ ਗਏ। ਪਰੰਤੂ ਮੇਰਾ ਪਾਸਪੋਰਟ ਨਾ ਆਇਆ ।ਮੈ ਪੜਤਾਲ ਕਰਨ ਲਈ ਪਾਸਪੋਰਟ ਦਫਤਰ ਚੰਡੀਗੜ ਗਿਆ ਅਤੇ ਪਾਸਪੋਰਟ ਆਫਿਸਰ ਨੂੰ ਮਿਲਿਆ। ਉਹਨਾਂ ਨੇ ਮੇਰੇ ਪਾਸਪੋਰਟ ਵਾਲੀ ਫਾਇਲ ਮੰਗਵਾਈ ਮੇਰੇ ਸਾਹਮਣੇ ਰੱਖ ਦਿੱਤੀ।ਮੇਰੀ ਫਾਇਲ ਉੱਤੇ ਮੂਲੇਪੁਰ ਥਾਣੇ ਦੇ ਮੁਨਸੀ ਨੇ ਲਿਖਿਆ ਸੀ ਕਿ ਕਰਨੈਲ ਸਿੰਘ ਪੰਜੋਲੀ ਪੁੱਤਰ ਗੁਰਦੇਵ ਸਿੰਘ ਕੌਮ ਜੱਟ ਸਿੱਖ ਵਾਸੀ ਪਿੰਡ ਪੰਜੋਲੀ ਕਲਾਂ ਦਾ ਪੱਕਾ ਵਸਨੀਕ ਹੈ । ਇਹ ਪਿੰਡ ਪੰਜੋਲੀ ਕਲਾਂ ਦਾ ਸਰਬ ਸੰਮਤੀ ਨਾਲ ਚੁਣਿਆ ਹੋਇਆ ਸਰਪੰਚ ਵੀ ਹੈ ।ਇਹ ਸਰੋਮਣੀ ਅਕਾਲੀ ਦਲ ਨਾਲ ਸੰਬੰਧ ਰੱਖਦਾ ਹੈ ।ਇਸ ਦੀਆਂ ਗਤੀਵਿਧੀਆਂ ਤੋ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਹੈ ।ਇਸ ਲਈ ਇਸ ਦੇ ਪਾਸਪੋਰਟ ਬਨਣ ਦੀ ਸ਼ਿਫਾਰਸ ਨਹੀ ਜਾ ਸਕਦੀ ।ਮੁਨਸੀ ਦੇ ਸ਼ਬਦਾਂ ਦੀ ਤਸਦੀਕ ਐਸ.ਐਚ.ਓ , ਡੀ.ਐਸ.ਪੀ ਅਤੇ ਫਿਰ ਐਸ.ਅੈਸ.ਪੀ ਸ੍ਰੀ ਫਤਹਿਗੜ੍ਹ ਸਾਹਿਬ ਨੇ ਵੀ ਕਰਕੇ ਪਾਸਪੋਰਟ ਦਫਤਰ ਭੇਜ ਦਿੱਤੀ ਸੀ। ਮੈ ਬਹੁਤ ਸਾਰੇ ਆਫਿਸਰਾਂ ਨੂੰ ਅਤੇ ਰਾਜਨੀਤਕ ਆਗੂਆਂ ਨੂੰ ਮਿਲਿਆ । ਜਦੋ ਮੈ ਪੰਥ ਰਤਨ ਜ:ਗੁਰਚਰਨ ਸਿੰਘ ਟੌਹੜਾ ਸਾਹਿਬ ਨੂੰ ਸਾਰੀ ਗੱਲ ਦੱਸੀ ਤਾਂ ਉਹਨਾ ਨੇ ਐਸ ਐਸ ਪੀ ਸ੍ਰੀ ਫਤਹਿਗੜ੍ਹ ਸਾਹਿਬ ਪਾਸਪੋਰਟ ਬਨਾਉਣ ਲਈ ਸਿਫ਼ਾਰਸ ਲਈ ਕਿਹਾ ਅਗੋਂ ਐਸ ਐਸ ਪੀ ਨੇ ਕਿਹਾ ਕਿ ਮੇਰੀ ਮਜ਼ਬੂਰੀ ਹੈ ।ਇਹ ਖੇਡ ਦਿੱਲੀ ਸਰਕਾਰ ਦੇ ਹੱਥਾਂ ਵਿੱਚ ਹੈ ।ਟੌਹੜਾ ਸਾਹਿਬ ਦੇ ਗੁੱਸੇ ਭਰੇ ਲਹਿਜ਼ੇ ਵਿੱਚ ਐਸ ਐਸ ਪੀ ਨੂੰ ਕਿਹਾ ਕਿ ਤੁਸੀਂ ਆਪਣੇ ਵਲੋਂ ਰਿਪੋਰਟ ਠੀਕ ਕਰਕੇ ਭੇਜ ਦਿਓ।ਜਿਲਾ ਪੁਲੀਸ ਫਤਿਹਗੜ੍ਹ ਸਾਹਿਬ ਨੇ ਗੱਲ ਗੋਲ ਮੋਲ ਕਰਕੇ ਅਧੂਰੀ ਜਿਹੀ ਰਿਪੋਰਟ ਲਿਖ ਕਿ ਭੇਜ ਦਿਤੀ ।ਦੂਜੇ ਪਾਸੇ ਇੰਨਟੈਲੀਜੈਸੀ ਨੇ ਮੇਰੇ ਵਿਰੁੱਧ ਇੱਕ ਲੰਮੀ ਚੌੜੀ ਰਿਪੋਰਟ ਲਿੱਖ ਦਿੱਤੀ ਕਿ ਕਰਨੈਲ ਸਿੰਘ ਪੰਜੋਲੀ ਨੂੰ ਪਾਸਪੋਰਟ ਨਹੀ ਦੇਣਾ ਚਾਹੀਦਾ ਕਿਉਂਕਿ ਦੇਸ਼ ਦੀ ਸੁਰੱਖਿਆ ਦਾ ਮਸਲਾ ਹੈ ।ਉਸ ਸਮੇ ਸ:ਪਰਕਾਸ ਸਿੰਘ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਨ ।ਮੈ ਉਹਨਾਂ ਨੂੰ ਕਿਹਾ ਤੇ ਉਹਨਾ ਨੇ ਪਾਸਪੋਰਟ ਦਫਤਰ ਨੂੰ ਮੇਰੇ ਹੱਕ ਵਿੱਚ ਇੱਕ ਸਿਫਾਰਸੀ ਚਿੱਠੀ ਲਿਖੀ ਪਰ ਕੁੱਝ ਨਾ ਹੋਇਆ ।ਉਸ ਤੋ ਬਾਅਦ ਮੈ ਸ:ਬਾਵਾ ਸਿੰਘ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੂੰ ਮਿਲਿਆ ।ਉਹਨਾ ਨੇ ਵੀ ਮੇਰੇ ਹੱਕ ਵਿੱਚ ਪਾਸਪੋਰਟ ਦਫਤਰ ਨੂੰ ਇੱਕ ਚਿੱਠੀ ਲਿਖੀ ।ਉਹਨਾ ਦੀ ਚਿੱਠੀ ਦਾ ਵੀ ਪਾਸਪੋਰਟ ਅਧਿਕਾਰੀਆਂ ਨੇ ਕੋਈ ਤਸੱਲੀ ਬਖ਼ਸ ਉੱਤਰ ਦੇਣ ਦੀ ਬਜਾਏ ਲਿੱਖ ਦਿੱਤਾ ਕਿ ਇਹ ਦੇਸ ਦੀ ਸੁਰੱਖਿਆ ਦਾ ਮਸਲਾ ਹੈ।ਇਹਨਾਂ ਸ਼ਬਦਾਂ ਨੇ ਛੋਟੇ ਤੋ ਲੈਕੇ ਵੱਡੇ ਆਫਿਸਰ ਅਤੇ ਰਾਜਨੀਤਕ ਆਗੂ ਨੂੰ ਚੁੱਪ ਕਰਾ ਛੱਡਿਆ ਸੀ।ਮੈ ਭਾਰਤ ਦੀ ਪਾਰਲੀਮੈਂਟ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਪੱਤਰ ਲਿਖਿਆ ।ਬਹੁਤ ਸਾਰਿਆ ਦੇ ਜਵਾਬ ਆਏ ਪਰ ਬਹੁਤ ਸਾਰਿਆ ਨੇ ਮੇਰੀ ਚਿਠੀ ਦਾ ਮੈਨੁੰ ਜਵਾਬ ਹੀ ਨਹੀ ਦਿੱਤਾ ।ਪਰ ਮੈਨੂੰ ਪਾਸਪੋਰਟ ਨਾ ਮਿਲਿਆ । ○ ਮੈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਆਈ ਕੇ ਗੁਜਰਾਲ ਸਾਹਿਬ ਨੂੰ ਪੱਤਰ ਲਿਖਿਆ ।ਉਹਨਾ ਨੇ ਮੈਨੂੰ ਮੇਰੀ ਚਿੱਠੀ ਦੇ ਜਵਾਬ ਵਿੱਚ ਲਿਖਿਆ ਕਿ ਪਾਸਪੋਰਟ ਬਨਾਉਣ ਸੰਬੰਧੀ ਆਪ ਜੀ ਦਾ ਪੱਤਰ ਮਿਲਿਆ ਹੈ ਜਿਸ ਨੂੰ ਯੋਗ ਕਾਰਵਾਈ ਲਈ ਪਾਸਪੋਰਟ ਦਫਤਰ ਭੇਜ ਦਿੱਤਾ ਗਿਆ ਹੈ ।ਪਰ ਮੈਨੂੰ ਪਾਸਪੋਰਟ ਫਿਰ ਵੀ ਨਾ ਮਿਲ ਸਕਿਆ ।ਅਚਾਨਕ ਇੱਕ ਦਿਨ ਮੈਨੂੰ ਸ:ਦਲਮੇਘ ਸਿੰਘ ਸਕੱਤਰ ਸਰੋਮਣੀ ਗੁ :ਪ:ਕਮੇਟੀ ਮਿਲ ਗਏ ।ਉਹਨਾ ਨੇ ਮੈਨੂੰ ਕਿਹਾ ਪਾਸਪੋਰਟ ਦਾ ਕੀ ਚੱਕਰ ਪੈ ਗਿਆ ।ਮੈ ਉਹਨਾ ਨੂੰ ਸਾਰੀ ਕਹਾਣੀ ਦੱਸੀ ਉਹਨਾ ਨੇ ਮੈਨੁੰ ਕਿਹਾ ਕਿ ਪੰਗਾ ਤਾਂ ਤੂੰ ਲੈ ਹੀ ਰੱਖਿਆ ।ਇੱਕ ਪੰਗਾ ਹੋਰ ਲੈ ਲੈ ਮੈ ਕਿਹਾ ਕੀ ? ਸ:ਦਲਮੇਘ ਸਿੰਘ ਕਹਿਣ ਲੱਗੇ ਤੂੰ ਅਸਟਾਮ ਪੇਪਰ ਉੱਤੇ , ਸ੍ਰੀ ਫਤਹਿਗੜ ਸਾਹਿਬ ਦੇ ਡੀ ਸੀ ਰਾਹੀ ,ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਲੀਗਲੀ ਨੋਟਿਸ ਭੇਜਦੇ ਕਿ ਮੈਨੂੰ ਭਾਰਤ ਸਰਕਾਰ ਪਾਸਪੋਰਟ ਜਾਰੀ ਨਹੀ ਕਰ ਰਹੀ।ਪਾਸਪੋਰਟ ਮੇਰੀ ਨਾਗਰਿਕਤਾ ਹੈ । ਮੈ ਆਪ ਜੀ (ਰਾਸ਼ਟਰਪਤੀ )ਰਾਹੀਂ ਭਾਰਤ ਸਰਕਾਰ ਨੂੰ ਇੱਕ ਮਹੀਨੇ ਦਾ ਸਮਾਂ ਦਿੰਦਾ ਕਿ ਜੇ ਭਾਰਤ ਸਰਕਾਰ ਨੇ ਮੈਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਪਾਸਪੋਰਟ ਜਾਰੀ ਨਾ ਕੀਤਾ ਤਾਂ ਮੈ ਯੂ ਐਨ ਓ ਰਾਹੀ ਕਿਸੇ ਹੋਰ ਦੇਸ ਦੀ ਨਾਗਰਿਕਤਾ ਲੈਣ ਲਈ ਅਪੀਲ ਕਰਾਗਾ ।ਜੇ ਇਸ ਵਿੱਚ ਦੇਸ਼ ਦੀ ਬਦਨਾਮੀ ਹੋਈ ਤਾਂ ਮੈ ਨਹੀ ਸਰਕਾਰ ਜੁੰਮੇਵਾਰ ਹੋਏਗੀ ।ਸ: ਦਲਮੇਘ ਸਿੰਘ ਦੀ ਰਾਇ ਮੰਨ ਮੈ ਭਾਰਤ ਦੇ ਰਾਸ਼ਟਰਪਤੀ ਨੂੰ ਅੰਗਰੇਜੀ ਵਿੱਚ ਡੀ ਸੀ ਫਤਹਿਗੜ ਸਾਹਿਬ ਰਾਹੀ ਲੀਗਲੀ ਨੋਟਿਸ ਭੇਜ ਦਿੱਤਾ !ਰਾਸ਼ਟਰਪਤੀ ਨੇ ਮੇਰੇ ਨੋਟਸ ਦੇ ਜਵਾਬ ਵਿੱਚ , ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਕਿ ਕਰਨੈਲ ਸਿੰਘ ਪੰਜੋਲੀ ਦੀ ਸਰਕਾਰ ਤਸੱਲੀ ਕਰਵਾਵੇ ।ਭਾਰਤ ਦੇ ਪ੍ਰਧਾਨ ਮੰਤਰੀ ਨੇ ਮੇਰੇ ਪਾਸਪੋਰਟ ਦੇ ਮਾਮਲੇ ਨੂੰ ਹੱਲ ਕਰਨ ਲਈ ਸੀ ਬੀ ਆਈ ਦੇ ਇੱਕ ਉੱਚ ਅਧਿਕਾਰੀ ਦੀ ਡਿਊਟੀ ਲਗਾ ਦਿੱਤੀ । ਸੀ ਬੀ ਆਈ ਦਾ ਇੱਕ ਐਸ ਪੀ ਰੈਂਕ ਦਾ ਆਫਿਸਰ ਮੈਨੂੰ ਆਕੇ ਮਿਲਿਆ ।ਉਸ ਤੋ ਬਾਅਦ ਉਹ ਮੇਰੇ ਪਿੰਡ ਆਇਆ ।ਪਿੰਡ ਦੇ ਲੋਕਾਂ ਨੂੰ ਮਿਲਿਆ ਫਿਰ ਉਹ ਮੁਲੇਪੁਰ ਥਾਣੇ ਗਿਆ ।ਮੇਰਾ ਰਿਕਾਰਡ ਚੈਕ ਕੀਤਾ ।ਅਖੀਰ ਉਹ ਐਸ ਐਸ ਪੀ (ਹੁੰਦਲ ਸਾਹਿਬ) ਸ੍ਰੀ ਫਤਹਿਗੜ ਸਾਹਿਬ ਨੂੰ ਮਿਲਿਆ ਅਤੇ ਕਿਹਾ ਕਿ ਕਰਨੈਲ ਸਿੰਘ ਪੰਜੋਲੀ ਦੇ ਵਿਰੁੱਧ ਆਪ ਜੀ ਪਾਸ ਜੋ ਵੀ ਕੇਸ ਦਰਜ ਹਨ ਉਹ ਮੈਨੂੰ ਦੱਸੋ ।ਉਸ ਨੇ ਮੇਰੇ ਵਿਰੁੱਧ ਸਰਕਾਰ ਵੱਲੋ ਦੋ ਵਾਰ ਲਾਇਆ ਗਿਆ ਨੈਸ਼ਨਲ ਸਕਿਊਰਟੀ ਐਕਟ ਦੀ ਫਾਇਲ ਅਤੇ ਦੇਸ਼ ਧਰੋਹੀ ਦੇ 18 ਮਕੱਦਮੇ ਦੱਸੇ ।ਸੀ ਬੀ ਆਈ ਆਫਿਸਰ ਨੇ ਐਸ ਐਸ ਪੀ ਨੂੰ ਕਿਹਾ ਕਿ ਇਹ ਦੱਸੋ ਮੌਜੂਦਾ ਸਮੇ ਵਿੱਚ ਇਸ ਵਿਰੁੱਧ ਕੋਈ ਕੇਸ ਹੈ? ਤਾਂ ਅੈਸ ਐਸ ਪੀ ਹੁੰਦਲ ਨੇ ਕਿਹਾ ਕਿ ਹੁਣ ਤਾਂ ਇਸ ਵਿਰੁੱਧ ਕੋਈ ਕੇਸ ਨਹੀ ਹੈ ।ਉਸ ਨੇ ਕਿਹਾ ਕਿ ਤੁਸੀ ਫਿਰ ਇਹ ਕਿਉਂ ਲਿਖੀ ਜਾ ਰਹੇ ਹੋ ਕਿ ਇਹ ਖਤਰਨਾਕ ਦਹਿਸ਼ਤ ਗਰਦ ਹੈ।ਉਸ ਨੇ ਐਸ ਐਸ ਪੀ ਨੂੰ ਕਿਹਾ ਕਿ ਕਰ ਕੱਲ੍ਹ ਨੂੰ ਕਰਨੈਲ ਸਿੰਘ ਪੰਜੋਲੀ ਹਾਈਕੋਰਟ ਦਾ ਬੂਹਾ ਖੜਕਾਏਗਾ ਫਿਰ ਤੁਸੀਂ ਕੀ ਜਵਾਬ ਦੇਵੋਗੇ ? ਇਸ ਤੋ ਚੰਗਾ ਹੈ ਕਿ ਤੁਸੀਂ ਚੁੱਪ ਚੁਪੀਤੇ ਇਸ ਦੇ ਪਾਸਪੋਰਟ ਦੀ ਸ਼ਿਫਾਰਸ ਕਰ ਦਿਓ ਇਸ ਮਸਲੇ ਨੂੰ ਨਿਬੇੜੋ । ਐਸ ਅੈਸ ਪੀ ਸਾਹਿਬ ਨੇ ਸੀ ਬੀ ਆਈ ਦੇ ਇਸ ਅਧਿਕਾਰੀ ਦੀ ਰਇ ਮੰਨ ਕੇ ਲਿਖਿਆ ਕਿ ਕਰਨੈਲ ਸਿੰਘ ਪੰਜੋਲੀ ਸਪੁੱਤਰ ਸ:ਗੁਰਦੇਵ ਸਿੰਘ ਕੌਮ ਜੱਟ ਸਿੱਖ ਤੇ ਪੱਕਾ ਵਸਨੀਕ ਪੰਜੋਲੀ ਕਲਾਂ ਸਰੋਮਣੀ ਅਕਾਲੀ ਦੱਲ ਦਾ ਸਰਗਰਮ ਮੈਂਬਰ ਹੈ ।ਬੀਤੇ ਸਮੇਂ ਇਸ ਵਿਰੁੱਧ ਦੋ ਵਾਰ ਭਾਰਤ ਸਰਕਾਰ ਨੇ ਨੈਸ਼ਨਲ ਸਕਿਊਰਟੀ ਐਕਟ ਲਇਆ ਗਿਆ ਸੀ ਇਸ ਅਧੀਨ ਇਸ ਨੇ ਤਿੰਨ ਸਾਲ ਕੈਦ ਕੱਟ ਲਈ ਸੀ।ਇਸ ਵਿਰੁੱਧ ਦੇਸ਼ ਧਰੋਹੀ ਦੇ 18 ਮੁਕੱਦਮੇ ਦਰਜ ਕੀਤੇ ਗਏ ਸਨ ।ਜਿਹਨਾਂ ਵਿੱਚ ਕੁੱਝ ਸਰਕਾਰ ਨੇ ਵਾਪਸ ਲੈ ਲਏ ਅਤੇ ਕੁੱਝ ਕਰਨੈਲ ਸਿੰਘ ਪੰਜੋਲੀ ਨੇ ਅਦਾਲਤ ਕਾਰਵਾਈ ਰਾਹੀ ਭੁਗਤ ਲਏ ਹਨ ਜਿਹਨਾਂ ਵਿੱਚੋ ਇਹ ਬਾਇੱਜ਼ਤ ਵਰੀ ਹੋ ਗਿਆ ਹੈ।ਇਸ ਸਮੇ ਕਰਨੈਲ ਸਿੰਘ ਪੰਜੋਲੀ ਵਿਰੁੱਧ ਇੱਕ ਵੀ ਮੁਕੰਦਮਾ ਪੈਡਿੰਗ ਨਹੀ ਹੈ ਇਸ ਲਈ ,ਇਸ ਨੂੰ ਪਾਸਪੋਰਟ ਜਾਰੀ ਕਰਨ ਵਿੱਚ ਪ੍ਰਸ਼ਾਸ਼ਨ ਨੂੰ ਕੋਈ ਇਤਰਾਜ ਨਹੀ ਹੈ ।ਐਸ ਅੈਸ ਪੀ ਨੇ ਇੱਹ ਚਿੰਠੀ ਲਿਖ ਕੇ ਮੇਰੇ ਨਾਲ ਨਰਿੰਦਰ ਸਿੰਘ ਭੇਜ਼ ਦਿੱਤਾ ! ਜਦੋ ਪਾਸਪੋਰਟ ਆਫਿਸਰ ਨੇ ਪੰਜਾਬ ਪੁਲੀਸ ਦੇ ਮੁਲਾਜਮ ਵੱਲੋ ਫੜਾਈ ਚਿੱਠੀ ਖੋਲੀ ਤਾਂ ਉਸਦਾ ਕੂਮੈਟ ਸੀ ਕਿ ਜੇਕਰ ਤੁਸੀਂ ਇਹੋ ਅੱਖਰ ਪਹਿਲਾ ਲਿੱਖ ਦਿੰਦੇ ਤਾਂ ਆ ਨੌਬਤ ਹੀ ਨਹੀਂ ਸੀ ਆਉਣੀ ।ਪਾਸਪੋਰਟ ਆਫਿਸਰ ਬੋਲਿਆ ਕਿ ਤੁਸੀਂ ਤਿੰਨ ਕੁ ਵਜੇ ਆਕੇ ਆਪਣਾ ਪਾਸੋਰਟ ਲੈ ਜਾਇਓ ।ਇਸ ਤਰ੍ਰਾ ਮੈਨੂੰ ਮੇਰਾ ਪਾਸਪੋਰਟ ਮਿਲਿਆ।ਉਹਨਾਂ ਦਿਨਾਂ ਵਿਚ ਵਰਲਡ ਪੰਜਾਬੀ ਕਾਨਫਰੰਸ ਹੋਣੀ ਸੀ ਜੋ ਸ:ਸੁਰਜੀਤ ਰੱਖੜਾ ਦੇ ਪਰਿਵਾਰ ਵੱਲੋ ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿਖੇ ਕਰਵਾਈ ਜਾ ਰਹੀ ਸੀ ।ਮੈ ਰੱਖੜਾ ਸਾਹਿਬ ਨੂੰ ਬੇਨਤੀ ਕੀਤੀ ਕਿ ਮੈ ਇਸ ਕਾਨਫਰੰਸ ਵਿੱਚ ਜਾਣਾ ਚਾਹੁੰਦਾ ਹਾਂ।ਉਹਨਾ ਨੇ ਮੈਨੂੰ ਸਪਾਸਰ ਮੰਗਵਾਈ ਅਤੇ ਮੈ ਪਾਸਪੋਰਟ ਮਿਲਣ ਤੋ ਇੱਕ ਹਫਤੇ ਦੇ ਅੰਦਰ ਅੰਦਰ ਹੀ ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿਖੇ ਪਹੁੰਚ ਗਿਆ ।ਪਾਸਪੋਰਟ ਲੈਣ ਸਮੇ ਮੈਨੂੰ ਸਰਕਾਰ ਨੇ ਮੈਨੂੰ ਪਹਿਲੀ ਵਾਰ ਇਹ ਅਹਿਸਾਸ ਕਰਵਇਆ ਕਿ ਗੁਲਾਮ ਅਤੇ ਅਜ਼ਾਦ ਕੌਮਾਂ ਵਿੱਚ ਕੀ ਅੰਤਰ ਹੁੰਦਾ ਹੈ । ○ਵਲੋਂ ਜਥੇਦਾਰ ਕਰਨੈਲ ਸਿੰਘ ਪੰਜੋਲੀ ○ ਮੋਬ:9417663418
Comments